ਚੰਡੀਗੜ੍ਹ, 31 ਅਕਤੂਬਰ (ਪੰਜਾਬ ਮੇਲ)- ਮੰਤਰੀ ਭਗਵੰਤ ਮਾਨ ਅਸੈਂਬਲੀ ਹਲਕਾ ਧੂਰੀ ਤੋਂ ਚੋਣ ਲੜਨਗੇ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਚੋਣ ਮੈਦਾਨ ’ਚ ਉੱਤਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਸਿਆਸੀ ਚਰਚਾਵਾਂ ਨੂੰ ਬਰੇਕ ਲੱਗ ਗਈ ਹੈ ਜਿਨ੍ਹਾਂ ’ਚ ਮੁੱਖ ਮੰਤਰੀ ਵੱਲੋਂ ਹਲਕਾ ਬਦਲੇ ਜਾਣ ਦੀ ਗੱਲ ਕਹੀ ਜਾ ਰਹੀ ਸੀ।
ਨਵੀਂ ਸੂਚੀ ’ਚ ਮੌਜੂਦਾ 40 ਪਾਰਟੀ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ ਜਿਨ੍ਹਾਂ ’ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੁੜ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨਿਆ ਹੈ। ਚਾਰ ਮੌਜੂਦਾ ਮਹਿਲਾ ਵਿਧਾਇਕਾਂ ਨੂੰ ਵੀ ਮੁੜ ਚੋਣ ਮੈਦਾਨ ’ਚ ਉਤਾਰਿਆ ਜਾਣਾ ਹੈ ਜਿਸ ’ਚ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ,ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਅਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਦਾ ਨਾਮ ਸ਼ਾਮਲ ਹੈ। ਨਵੀਂ ਸੂਚੀ ਮਾਝੇ ਦੀਆਂ ਪੰਜ ਸੀਟਾਂ, ਦੁਆਬੇ ਦੀਆਂ 8 ਅੱਠ ਸੀਟਾਂ ਅਤੇ ਮਾਲਵੇ ਦੀਆਂ 27 ਸੀਟਾਂ ਤੋਂ ਉਮੀਦਵਾਰ ਐਲਾਨੇ ਗਏ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਕੇ ਆਮ ਆਦਮੀ ਪਾਰਟੀ ਨੇ ਪਹਿਲ ਕਰ ਦਿੱਤੀ ਹੈ। ਪਹਿਲੀ ਸੂਚੀ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਪ੍ਰਮੁੱਖ ਹੈ ਜਿਨ੍ਹਾਂ ਨੇ ਹਲਕਾ ਧੂਰੀ ਤੋਂ 2022 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਅੱਜ ਪਹਿਲੀ ਸੂਚੀ ਦੇ ਐਲਾਨ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ ਜਿਸ ’ਚ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ’ਤੇ ਮੋਹਰ ਲਗਾਈ ਗਈ।
ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਾਜ਼ਰ ਸਨ। ਲੰਘੇ ਕੱਲ੍ਹ ਪਾਰਟੀ ਨੇ 117 ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਮੰਥਨ ਕੀਤਾ ਸੀ। ਪਹਿਲੀ ਸੂਚੀ ’ਚ ਸੰਜੀਵ ਅਰੋੜਾ ਨੂੰ ਛੱਡ ਕੇ ਕੈਬਨਿਟ ਵਜ਼ੀਰਾਂ ਦੇ ਨਾਮ ਹਾਲੇ ਬਾਹਰ ਰੱਖੇ ਗਏ ਹਨ। ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ’ਚ ਹਨ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਨਵੇਂ ਕਰੀਬ 19 ਹਲਕਾ ਇੰਚਾਰਜ ਲਗਾਏ ਗਏ ਹਨ, ਉਨ੍ਹਾਂ ਦਾ ਐਲਾਨ ਦੂਜੀ ਸੂਚੀ ’ਚ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ‘ਆਪ’ ਦੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ 94 ਵਿਧਾਇਕ ਹਨ।