#PUNJAB

ਜੇਲ੍ਹ ਵਿੱਚ ਬੰਦ ‘ਆਪ’ ਮੰਤਰੀ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਤੋਂ ਲੜਨਗੇ ਚੋਣ

ਲੁਧਿਆਣਾ,  31 ਅਕਤੂਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਜਾਰੀ ਉਮੀਦਾਵਾਰਾਂ ਦੀ ਸੂਚੀ ਵਿੱਚ ਜੇਲ੍ਹ ’ਚ ਬੰਦ ‘ਆਪ’ ਮੰਤਰੀ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਟਿਕਟ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਤੋਂ ਇਸ ਵੱਡੇ ਘਟਨਾਕ੍ਰਮ ਦਾ ਖੁਲਾਸਾ ਹੋਇਆ ਹੈ। 2027 ਦੀਆਂ ਚੋਣਾਂ ਲਈ ਲੁਧਿਆਣਾ ਪੱਛਮੀ ਤੋਂ ਅਰੋੜਾ ਦੇ ਪ੍ਰਮੁੱਖ ਉਮੀਦਵਾਰ ਹੋਣ ਨਾਲ,ਹੁਣ ਪੱਛਮੀ ਹਲਕੇ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ।

ਪਹਿਲੀ ਸੂਚੀ ਵਿੱਚ ਅਰੋੜਾ ਦਾ ਨਾਂ ਆਉਣ ਨਾਲ ‘ਆਪ’ ਦੇ ਕਈ ਆਗੂਆਂ ਅਤੇ ਕੌਂਸਲਰਾਂ ਨੂੰ ਵੱਡਾ ਝਟਕਾ ਲੱਗਾ ਹੈ,ਜੋ ਲੁਧਿਆਣਾ ਪੱਛਮੀ ਹਲਕੇ ਤੋਂ ਟਿਕਟ ‘ਤੇ ਅੱਖ ਰੱਖੀ ਬੈਠੇ ਸਨ। ‘ਆਪ’ ਦੇ ਕਈ ਆਗੂਆਂ ਅਤੇ ਕੌਂਸਲਰਾਂ ਨੇ ਇਹ ਸੁਪਨਾ ਦੇਖਦਿਆਂ ਰਿਹਾਇਸ਼ੀਆਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਮਨੀ ਲਾਂਡਰਿੰਗ ਮਾਮਲੇ ‘ਚ ਸੰਜੀਵ ਅਰੋੜਾ ਦੇ ਜੇਲ੍ਹ ਜਾਣ ਕਾਰਨ ਉਨ੍ਹਾਂ ਨੂੰ ਟਿਕਟ ਮਿਲ ਜਾਵੇਗੀ। ਇਸ ਸੂਚੀ ਨਾਲ ਸਿਰਫ਼ ‘ਆਪ’ ਦਾ ਕੇਡਰ ਹੀ ਹੈਰਾਨ ਨਹੀਂ ਹੋਇਆ ਹੈ,ਸਗੋਂ ਕਾਂਗਰਸ,ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਹੋਰ ਪ੍ਰਮੁੱਖ ਆਗੂਆਂ ਲਈ ਵੀ ਵੱਡੀ ਖ਼ਬਰ ਹੈ, ਕਿਉਂਕਿ ਪੱਛਮੀ ਹਲਕੇ ਦੇ ਬਹੁਗਿਣਤੀ ਵੋਟਰਾਂ ਦੀਆਂ “ਹਮਦਰਦੀਆਂ” ਅਰੋੜਾ ਨਾਲ ਹੋਣਗੀਆਂ, ਖਾਸ ਕਰਕੇ ਜਦੋਂ ਉਹ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ।