-ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਵਿਚ ਮੌਨਸੂਨ ਦੌਰਾਨ ਪਾਣੀ ਦੀ ਆਮਦ ਵੀ ਘਟੀ
ਰੂਪਨਗਰ, 27 ਅਗਸਤ (ਪੰਜਾਬ ਮੇਲ)- ਮੌਨਸੂਨ ਸੀਜ਼ਨ ਖਤਮ ਹੋਣ ਵਾਲਾ ਹੈ ਪਰ ਪੰਜਾਬ ਦੇ ਮੁੱਖ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਦਰਜ ਕੀਤਾ ਗਿਆ ਹੈ। 27 ਅਗਸਤ ਤੱਕ ਦੇ ਅੰਕੜਿਆਂ ਮੁਤਾਬਕ ਚਾਲੂ ਸਾਲ ਦੇ ਮੌਨਸੂਨ ਦੌਰਾਨ ਪਾਣੀ ਦੀ ਆਮਦ ਪਿਛਲੇ ਸਾਲ ਜਿੰਨੀ ਨਹੀਂ ਰਹੀ, ਜਿਸ ਕਾਰਨ ਡੈਮਾਂ ਵਿਚ ਅਜੇ ਵੀ ਕਾਫ਼ੀ ਥਾਂ ਖਾਲੀ ਪਈ ਹੈ। ਭਾਖੜਾ ਰਿਜ਼ਰਵਾਇਰ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 37.27 ਫੁੱਟ ਹੇਠਾਂ 1,634.22 ਫੁੱਟ ਉੱਤੇ ਹੈ ਅਤੇ ਇਹ 64 ਫ਼ੀਸਦੀ ਭਰਿਆ ਹੋਇਆ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਪੱਧਰ ਵੀ ਪਿਛਲੇ ਸਾਲ ਨਾਲੋਂ 27.33 ਫੁੱਟ ਘੱਟ ਕੇ 1,365.67 ਫੁੱਟ ਰਹਿ ਗਿਆ ਹੈ, ਜਦਕਿ ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 12.27 ਮੀਟਰ ਘੱਟ ਦਰਜ ਕੀਤਾ ਗਿਆ ਹੈ।
ਡੈਮਾਂ ਵਿਚ ਪਾਣੀ ਦੀ ਆਮਦ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਕਿਉਂਕਿ ਭਾਖੜਾ ਵਿਚ ਅੱਜ ਪਾਣੀ ਦੀ ਆਮਦ 30,452 ਕਿਊਸਿਕ ਰਹੀ, ਜੋ ਕਿ ਪਿਛਲੇ ਸਾਲ ਇਸ ਦਿਨ 58,997 ਕਿਊਸਕ ਸੀ। ਪੌਂਗ ਡੈਮ ਵਿਚ ਤਾਂ ਪਾਣੀ ਦੀ ਆਮਦ ਸਿਰਫ਼ 22,202 ਕਿਊਸਿਕ ਰਹੀ। ਇਸ ਤੋਂ ਇਲਾਵਾ ਰਾਵੀ ਦਰਿਆ ‘ਤੇ ਬਣੇ ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦੀ ਆਮਦ ਸਿਰਫ਼ 7,073 ਕਿਊਸਿਕ ਹੀ ਦਰਜ ਕੀਤੀ ਗਈ ਹੈ।
ਹਾਲਾਂਕਿ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਈਵਾਲ ਰਾਜਾਂ ਦੀਆਂ ਮੰਗਾਂ ਲਈ ਪਾਣੀ ਦਾ ਮੌਜੂਦਾ ਪੱਧਰ ਤਸੱਲੀਬਖ਼ਸ਼ ਹੈ। ਪਿਛਲੇ ਇੱਕ ਦਹਾਕੇ ਤੋਂ ਭਾਖੜਾ ਡੈਮ ਦਾ ਪੱਧਰ ਕਦੇ ਵੀ 1550 ਫੁੱਟ ਤੋਂ ਹੇਠਾਂ ਨਹੀਂ ਗਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਇਸ ਸਾਲ ਪਾਣੀ ਦਾ ਪੱਧਰ 1550 ਫੁੱਟ ਤੋਂ ਹੇਠਾਂ ਆਉਂਦਾ ਹੈ, ਤਾਂ ਇਹ ਡੈਮ ਦੇ ਢਾਂਚੇ ਲਈ ਰਾਹਤ ਦੀ ਗੱਲ ਹੋਵੇਗੀ। ਪਾਣੀ ਭਰਨ ਦਾ ਇਹ ਸੀਜ਼ਨ 15 ਸਤੰਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ ਅਤੇ ਅਧਿਕਾਰੀ ਬਾਕੀ ਬਚੇ ਹਫ਼ਤਿਆਂ ਦੌਰਾਨ ਬਿਹਤਰ ਮੀਂਹ ਪੈਣ ਦੀ ਉਮੀਦ ਲਗਾ ਕੇ ਬੈਠੇ ਹਨ, ਤਾਂ ਜੋ ਡੈਮਾਂ ਵਿਚ ਪਾਣੀ ਦੀ ਕਮੀ ਨੂੰ ਕੁਝ ਹੱਦ ਤੱਕ ਪੂਰਾ ਕੀਤਾ ਜਾ ਸਕੇ।
ਪੰਜਾਬ ਦੇ ਮੁੱਖ ਡੈਮਾਂ ‘ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਘਟਿਆ

