-ਨਵਨੀਤ ਕੌਰ ਦੇ ਦੋ ਗੋਲਾਂ ਦੀ ਬਦੌਲਤ ਜਰਮਨੀ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ
ਐਮਸਟਲਵੀਨ, 27 ਅਗਸਤ (ਪੰਜਾਬ ਮੇਲ)- ਐਮਸਟਲਵੀਨ ਵਿਚ ਖੇਡੇ ਗਏ ਐੱਫ.ਆਈ.ਐੱਚ. ਵਿਸ਼ਵ ਕੱਪ ਦੇ ਪਲੇਅ-ਆਫ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਦੀ ਮਜ਼ਬੂਤ ਟੀਮ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੋਚ ਸ਼ੋਡ ਮਾਰਿਨ ਦੀ ਅਗਵਾਈ ਹੇਠ ਖੇਡ ਰਹੀ ਭਾਰਤੀ ਟੀਮ ਨੇ ਆਖਰੀ 17 ਮਿੰਟਾਂ ਵਿਚ ਹਮਲਾਵਰ ਖੇਡ ਦਿਖਾਉਂਦਿਆਂ ਤਿੰਨ ਸ਼ਾਨਦਾਰ ਗੋਲ ਦਾਗੇ। ਭਾਰਤ ਵੱਲੋਂ ਇਸ਼ਿਕਾ ਨੇ 43ਵੇਂ ਮਿੰਟ ਵਿਚ ਅਤੇ ਨਵਨੀਤ ਕੌਰ ਨੇ 44ਵੇਂ ਤੇ 47ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ, ਜਦਕਿ ਜਰਮਨੀ ਲਈ ਇਕੋ-ਇਕ ਗੋਲ ਲਿਨ ਕ੍ਰਿੰਗਜ਼ ਨੇ 59ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਭਾਰਤ ਨੇ ਪਿਛਲੇ 52 ਸਾਲਾਂ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਵਿਚ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਇਹ 1974 ਵਿਚ ਅਜਿੰਦਰ ਕੌਰ ਦੀ ਅਗਵਾਈ ਹੇਠ ਪਹਿਲੇ ਵਿਸ਼ਵ ਕੱਪ ਵਿਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦਾ ਵਧੀਆ ਪ੍ਰਦਰਸ਼ਨ ਹੈ। ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਿਖਾਉਣ ਵਾਲੀ ਭਾਰਤੀ ਟੀਮ ਨੂੰ ਸਿਰਫ਼ ਓਲੰਪਿਕ ਚੈਂਪੀਅਨ ਨੀਦਰਲੈਂਡਜ਼ ਹੱਥੋਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਚ ਦੌਰਾਨ ਭਾਰਤੀ ਗੋਲਕੀਪਰ ਅਤੇ ਡਿਫੈਂਸ ਨੇ ਜਰਮਨੀ ਦੇ ਕਈ ਪੈਨਲਟੀ ਕਾਰਨਰਾਂ ਨੂੰ ਨਾਕਾਮ ਕੀਤਾ। ਅਗਲੇ ਮਹੀਨੇ ਹੋਣ ਵਾਲੇ ਏਸ਼ਿਆਈ ਖੇਡਾਂ ਤੋਂ ਪਹਿਲਾਂ ਇਸ ਸ਼ਾਨਦਾਰ ਸਫਲਤਾ ਨਾਲ ਪੂਰੀ ਟੀਮ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ ਹੈ ਅਤੇ ਦੇਸ਼ ਭਰ ਵਿਚ ਖੁਸ਼ੀ ਦਾ ਮਾਹੌਲ ਹੈ।
ਐੱਫ.ਆਈ.ਐੱਚ. ਵਿਸ਼ਵ ਕੱਪ: ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਨੂੰ 3-1 ਨਾਲ ਹਰਾਇਆ

