-ਸਿੱਖ ਜਥੇਬੰਦੀਆਂ ਵੱਲੋਂ ਕਾਂਗਰਸੀ ਸਿੱਖ ਕਾਕਸ ਨੂੰ ਪੱਤਰ
ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਹੋਰ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਵਿਵਾਦਤ ”ਮਿਸਟਰ ਸਿੰਘ” ਪੋਸਟਰ ਦੇ ਮਾਮਲੇ ਵਿਚ ਅਮਰੀਕੀ ਕਾਂਗਰਸ ਦੇ ਸਿੱਖ ਕਾਕਸ ਨੂੰ ਪੱਤਰ ਲਿਖ ਕੇ ਗ੍ਰਹਿ ਸੁਰੱਖਿਆ ਵਿਭਾਗ ਤੋਂ ਪੂਰਾ ਰਿਕਾਰਡ ਸੁਰੱਖਿਅਤ ਕਰਵਾਉਣ ਅਤੇ ਜਨਤਕ ਕਰਵਾਉਣ ਦੀ ਮੰਗ ਕੀਤੀ ਹੈ। 12 ਸਤੰਬਰ 2026 ਨੂੰ ਲਿਖਿਆ ਇਹ ਪੱਤਰ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਸਹਿ-ਚੇਅਰ ਡੇਵਿਡ ਜੀ. ਵਾਲਾਡਾਓ ਅਤੇ ਮੈਰੀ ਗੇ ਸਕੈਨਲਨ ਨੂੰ ਭੇਜਿਆ ਗਿਆ।
ਪੱਤਰ ਵਿਚ ਕਿਹਾ ਗਿਆ ਕਿ 9 ਸਤੰਬਰ ਨੂੰ ਗ੍ਰਹਿ ਸੁਰੱਖਿਆ ਵਿਭਾਗ ਨੇ ਕ੍ਰਿਤ੍ਰਿਮ ਬੁੱਧੀ (ਏ.ਆਈ.) ਨਾਲ ਬਣਾਈ ਤਸਵੀਰ ਜਾਰੀ ਕੀਤੀ ਸੀ, ਜਿਸ ਵਿਚ ਦਸਤਾਰ ਦੀ ਥਾਂ ਸਿਰ ਉੱਤੇ ਕੱਪੜਾ ਬੰਨ੍ਹੇ ਇੱਕ ਦਾੜ੍ਹੀਧਾਰੀ ਵਿਅਕਤੀ ਨੂੰ ਵਿਭਾਗ ਦੇ ਨਿਸ਼ਾਨ ਵਾਲੇ ਓਪਟੀਮਸ ਪ੍ਰਾਈਮ ਸਾਹਮਣੇ ਦਿਖਾਇਆ ਗਿਆ ਸੀ। ਇਸ ਨਾਲ ਲਿਖੇ ਸੁਨੇਹੇ ਵਿਚ ”ਮਿਸਟਰ ਸਿੰਘ” ਸ਼ਬਦ ਵਰਤਿਆ ਗਿਆ। ਚੁਣੇ ਹੋਏ ਆਗੂਆਂ ਅਤੇ ਸਿੱਖ ਨਾਗਰਿਕ ਅਧਿਕਾਰ ਜਥੇਬੰਦੀਆਂ ਦੇ ਵਿਰੋਧ ਮਗਰੋਂ ਇਹ ਪੋਸਟਰ ਅਗਲੇ ਦਿਨ ਹਟਾ ਦਿੱਤਾ ਗਿਆ। ਹੈਜ਼ਬਰੋ ਕੰਪਨੀ ਨੇ ਵੀ ਆਪਣੇ ਕਿਰਦਾਰ ਦੀ ਵਰਤੋਂ ਨੂੰ ਬਿਨਾਂ ਮਨਜ਼ੂਰੀ ਦੱਸਿਆ ਸੀ।
ਜਥੇਬੰਦੀਆਂ ਨੇ ਮੰਗ ਕੀਤੀ ਕਿ ਪੋਸਟਰ ਬਣਾਉਣ ਲਈ ਵਰਤੀਆਂ ਗਈਆਂ ਸਾਰੀਆਂ ਹਦਾਇਤਾਂ, ਤਸਵੀਰਾਂ, ਖਰੜੇ, ਸੋਧਾਂ, ਈਮੇਲਾਂ, ਸੁਨੇਹੇ ਅਤੇ ਕਾਨੂੰਨੀ ਜਾਂ ਨਾਗਰਿਕ ਅਧਿਕਾਰਾਂ ਨਾਲ ਸਬੰਧਤ ਸਮੀਖਿਆ ਜਨਤਕ ਕੀਤੀ ਜਾਵੇ। ਇਹ ਵੀ ਦੱਸਿਆ ਜਾਵੇ ਕਿ ਪੋਸਟਰ ਕਿਸ ਨੇ ਮੰਗਵਾਇਆ, ਬਣਾਇਆ, ਸੋਧਿਆ, ਜਾਂਚਿਆ ਅਤੇ ਮਨਜ਼ੂਰ ਕੀਤਾ।
ਪੱਤਰ ਵਿਚ ਬਲਬੀਰ ਸਿੰਘ ਸੋਢੀ ਦੇ ਕਤਲ, ਓਕ ਕ੍ਰੀਕ ਗੁਰਦੁਆਰਾ ਕਤਲੇਆਮ ਅਤੇ 2025 ਦੌਰਾਨ ਦਰਜ ਹੋਈਆਂ 177 ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕਿਸੇ ਅਮਰੀਕੀ ਨੂੰ ਉਸਦੇ ਨਾਂ ਜਾਂ ਧਰਮ ਕਾਰਨ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।
ਪੱਤਰ ਉੱਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ ਨੰਨਣ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਦਸਤਖ਼ਤ ਕੀਤੇ ਹਨ।
‘ਮਿਸਟਰ ਸਿੰਘ’ ਪੋਸਟਰ ਦਾ ਪੂਰਾ ਰਿਕਾਰਡ ਜਨਤਕ ਕਰਨ ਦੀ ਮੰਗ

