ਬਰੈਂਪਟਨ, 16 ਸਤੰਬਰ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ ਵੱਲੋਂ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 2, 3 ਅਤੇ 4 ਅਕਤੂਬਰ 2026 ਨੂੰ ਵਿਸ਼ਵ ਪੰਜਾਬੀ ਭਵਨ, 114 ਕੈਨੇਡੀ ਰੋਡ ਸਾਊਥ, ਬਰੈਂਪਟਨ, ਕੈਨੇਡਾ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦਾ ਮੁੱਖ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿਚ ਔਰਤ ਦਾ ਅਕਸ’ ਰੱਖਿਆ ਗਿਆ ਹੈ।
ਤਿੰਨ ਦਿਨਾਂ ਸਮਾਗਮ ਦੌਰਾਨ ਪੰਜਾਬੀ ਸਾਹਿਤ, ਸਮਾਜ ਅਤੇ ਸੱਭਿਆਚਾਰ ਵਿਚ ਔਰਤ ਦੀ ਭੂਮਿਕਾ ਨਾਲ ਸਬੰਧਤ ਵਿਸ਼ਿਆਂ ਉੱਤੇ ਵਿਦਵਾਨ ਖੋਜ-ਪੱਤਰ ਪੇਸ਼ ਕਰਨਗੇ। ਵਿਚਾਰ-ਚਰਚਾ ਵਿਚ ਲੋਕਧਾਰਾ, ਸੂਫ਼ੀ ਕਾਵਿ, ਪੰਜਾਬੀ ਕਹਾਣੀ, ਨਾਟਕ, ਰੰਗਮੰਚ, ਸਿੱਖਿਆ ਪ੍ਰਣਾਲੀ ਅਤੇ ਸਮਾਜਿਕ ਜੀਵਨ ਵਿਚ ਔਰਤ ਦੇ ਅਕਸ, ਸਥਾਨ, ਦੇਣ ਅਤੇ ਵਿਲੱਖਣਤਾ ਨੂੰ ਕੇਂਦਰ ਬਣਾਇਆ ਜਾਵੇਗਾ। ਪੰਜਾਬੀ ਅਰਥ-ਵਿਵਸਥਾ ਦੇ ਲਿੰਗਕ ਸਰੋਕਾਰਾਂ, ‘ਔਰਤ: ਸਨਾਤਨ ਬਨਾਮ ਸ਼ਕਤੀ’, ਆਧੁਨਿਕ ਪੰਜਾਬੀ ਕਵਿਤਾ, ਬਰਤਾਨਵੀ ਪੰਜਾਬੀ ਸਾਹਿਤ, ਗੁਰਬਾਣੀ, ਕਿੱਸਾ ਕਾਵਿ, ਪੰਜਾਬੀ ਨਾਵਲ, ਫ਼ਿਲਮਾਂ ਅਤੇ ਗਾਇਕੀ ਵਿਚ ਔਰਤ ਦੀ ਪੇਸ਼ਕਾਰੀ ਤੇ ਯੋਗਦਾਨ ਬਾਰੇ ਵੀ ਖੋਜ-ਪੱਤਰ ਪੜ੍ਹੇ ਜਾਣਗੇ।
ਇਸ ਤੋਂ ਇਲਾਵਾ ਵਿਗਿਆਨ, ਮਨੋਵਿਗਿਆਨ ਅਤੇ ਤਕਨਾਲੋਜੀ ਵਿਚ ਪੰਜਾਬਣਾਂ ਦੀ ਭੂਮਿਕਾ, ਕੰਮਕਾਜੀ ਔਰਤਾਂ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ, ਔਰਤ ਦੀ ਚੋਣ, ਇੱਜ਼ਤ ਤੇ ਆਜ਼ਾਦੀ, ਪੰਜਾਬੀ ਖੇਡ ਜਗਤ, ਪਾਕਿਸਤਾਨੀ ਪੰਜਾਬੀ ਕਵਿਤਾ, ਕਵਿੱਤਰੀਆਂ ਦੀ ਨਜ਼ਰ ਵਿਚ ਔਰਤ ਦਾ ਬਿੰਬ ਅਤੇ ਪੰਜਾਬ ਦੇ ਵਿਕਾਸ ਵਿਚ ਔਰਤ ਦੇ ਸਥਾਨ ਬਾਰੇ ਚਰਚਾ ਹੋਵੇਗੀ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਅਤੇ ਵਿਦੇਸ਼ਾਂ ਤੋਂ ਸਾਹਿਤਕਾਰ, ਬੁੱਧੀਜੀਵੀ, ਕਲਾਕਾਰ ਅਤੇ ਨੌਜਵਾਨ ਸ਼ਮੂਲੀਅਤ ਕਰਨਗੇ। ਡਾ. ਕਥੂਰੀਆ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਖੋਜ-ਪੱਤਰ ਪੇਸ਼ ਕਰਨ ਦੇ ਚਾਹਵਾਨ ਵਿਦਵਾਨ ਸਭਾ ਨਾਲ ਸੰਪਰਕ ਕਰ ਸਕਦੇ ਹਨ। ਇਹ ਕਾਨਫਰੰਸ ਔਰਤ ਦੀ ਭੂਮਿਕਾ ਨੂੰ ਨਵੇਂ ਸੰਦਰਭਾਂ ਵਿਚ ਸਮਝਣ ਲਈ ਮਹੱਤਵਪੂਰਨ ਮੰਚ ਸਾਬਤ ਹੋਵੇਗੀ।
ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 2 ਤੋਂ 4 ਅਕਤੂਬਰ ਤੱਕ ਬਰੈਂਪਟਨ ਵਿਚ

