– ਓਲੰਪੀਆ ‘ਚ ਦੂਜੀ ਵਾਰ ਜਿੱਤਿਆ ਗੋਲਡ ਮੈਡਲ
– ਪਾਵਰਲਿਫਟਿੰਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਕੀਤਾ ਰੌਸ਼ਨ
ਲਾਸ ਵੇਗਸ, 30 ਸਤੰਬਰ (ਮਾਛੀਕੇ/ ਧਾਲੀਆਂ/ ਪੰਜਾਬ ਮੇਲ)— ਪਾਵਰਲਿਫਟਿੰਗ ਦੇ ਖੇਤਰ ਵਿਚ ਆਪਣੀ ਤਾਕਤ ਅਤੇ ਕਾਬਲੀਅਤ ਦਾ ਲੋਹਾ ਮਨਵਾ ਰਹੇ ਪੰਜਾਬੀ ਗੱਭਰੂ ਟੋਨੀ ਸੰਧੂ ਨੇ ਇੱਕ ਵਾਰ ਫਿਰ ਵੱਡੀ ਮੱਲ ਮਾਰਦਿਆਂ ਲਾਸ ਵੇਗਸ ਵਿਖੇ ਹੋਈ ਓਲੰਪੀਆ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ। ਟੋਨੀ ਸੰਧੂ ਵੱਲੋਂ ਇਸ ਵੱਕਾਰੀ ਮੁਕਾਬਲੇ ਵਿਚ ਦੂਜੀ ਵਾਰ ਸੋਨ ਤਮਗਾ ਜਿੱਤਣ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਤੋਂ ਪਹਿਲਾਂ ਯੂ.ਐੱਸ.ਪੀ.ਏ. ਚੈਂਪੀਅਨਸ਼ਿਪ ਵਿਚ ਵੀ ਟੋਨੀ ਸੰਧੂ ਗੋਲਡ ਮੈਡਲ ਆਪਣੇ ਨਾਮ ਕਰ ਚੁੱਕਾ ਹੈ।
ਵਰਲਡ ਸਟਰੌਂਗਮੈਨ ਇੰਡੀਆ ਦੇ ਪ੍ਰਧਾਨ ਹਰਵਿੰਦਰ ਸਲੀਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸਖ਼ਤ ਮੁਕਾਬਲੇ ਦੌਰਾਨ ਟੋਨੀ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਅਤੇ ਇੱਕ ਵਾਰ ਫਿਰ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ।
ਟੋਨੀ ਸੰਧੂ ਦੀ ਇਹ ਕਾਮਯਾਬੀ ਉਸ ਦੀ ਲੰਮੇ ਸਮੇਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਪਣੇ ਟੀਚੇ ਪ੍ਰਤੀ ਦ੍ਰਿੜ੍ਹ ਲਗਨ ਦਾ ਨਤੀਜਾ ਹੈ। ਵਿਦੇਸ਼ੀ ਧਰਤੀ ‘ਤੇ ਪਾਵਰਲਿਫਟਿੰਗ ਵਰਗੀ ਤਾਕਤਵਰ ਖੇਡ ਵਿਚ ਵਾਰ-ਵਾਰ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਕੇ ਉਹ ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਵੀ ਪ੍ਰੇਰਨਾ ਬਣ ਰਿਹਾ ਹੈ।
ਟੋਨੀ ਸੰਧੂ ਦੀ ਇਸ ਮਾਣਮੱਤੀ ਜਿੱਤ ‘ਤੇ ਉਸ ਦੇ ਪਰਿਵਾਰ, ਦੋਸਤਾਂ, ਖੇਡ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਨਾਲ ਹੀ ਉਸ ਦੇ ਸੁਨਹਿਰੇ ਖੇਡ ਭਵਿੱਖ ਅਤੇ ਆਉਣ ਵਾਲੇ ਮੁਕਾਬਲਿਆਂ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
ਅਮਰੀਕਾ ‘ਚ ਟੋਨੀ ਸੰਧੂ ਨੇ ਮੁੜ ਗੱਡੇ ਜਿੱਤ ਦੇ ਝੰਡੇ

