#AMERICA

ਗਵਰਨਰ ਨਿਊਸਮ ਨੇ ਧਾਰਮਿਕ ਥਾਵਾਂ ਦੀ ਸੁਰੱਖਿਆ ਲਈ ਬਣਾਏ ਦੋ ਨਵੇਂ ਕਾਨੂੰਨ

ਸੈਕਰਾਮੈਂਟੋ, 30 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ 25 ਸਤੰਬਰ ਨੂੰ ਦੋ ਬਿੱਲਾਂ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਦਾ ਮਕਸਦ ਧਾਰਮਿਕ ਥਾਵਾਂ ਅਤੇ ਭਾਈਚਾਰੇ ਦੀਆਂ ਸੰਸਥਾਵਾਂ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ। ਚਰਚਾਂ, ਗੁਰਦੁਆਰਿਆਂ, ਮਸਜਿਦਾਂ, ਮੰਦਰਾਂ ਅਤੇ ਹੋਰ ਧਾਰਮਿਕ ਥਾਵਾਂ ‘ਤੇ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਗਏ ਹਨ।
ਅਸੈਂਬਲੀ ਬਿੱਲ 1836 ਨਾਲ ਸੁਰੱਖਿਆ ਲਈ ਮਿਲਣ ਵਾਲੀ ਸਰਕਾਰੀ ਮਦਦ ਦਾ ਘੇਰਾ ਵਧੇਗਾ। ਹੁਣ ਇਹ ਪੈਸਾ ਧਾਰਮਿਕ ਜਾਂ ਭਾਈਚਾਰਕ ਸਮਾਗਮਾਂ ਦੀ ਸੁਰੱਖਿਆ ਲਈ ਵੀ ਵਰਤਿਆ ਜਾ ਸਕੇਗਾ, ਭਾਵੇਂ ਸਮਾਗਮ ਆਪਣੀ ਇਮਾਰਤ ਤੋਂ ਬਾਹਰ ਹੋਵੇ। ਇਸ ਵਿਚ ਮੇਲੇ, ਜਲੂਸ ਅਤੇ ਹੋਰ ਸੱਭਿਆਚਾਰਕ ਸਮਾਗਮ ਸ਼ਾਮਲ ਹਨ। ਸਰਕਾਰ ਮੁਤਾਬਕ, 2015 ਤੋਂ ਹੁਣ ਤੱਕ 1,600 ਤੋਂ ਵੱਧ ਧਾਰਮਿਕ ਅਤੇ ਹੋਰ ਸੰਸਥਾਵਾਂ ਨੂੰ ਸੁਰੱਖਿਆ ਲਈ ਮਦਦ ਮਿਲੀ ਹੈ।
ਅਸੈਂਬਲੀ ਬਿੱਲ 2664 ਧਾਰਮਿਕ ਥਾਵਾਂ ਦੇ ਬਾਹਰ ਲੋਕਾਂ ਦੇ ਆਉਣ-ਜਾਣ ਨੂੰ ਸੁਰੱਖਿਅਤ ਬਣਾਉਣ ਲਈ ਹੈ। ਧਾਰਮਿਕ ਥਾਂ ਦੇ ਦਰਵਾਜ਼ੇ ਤੋਂ 100 ਫੁੱਟ ਦੇ ਅੰਦਰ ਕੋਈ ਵਿਅਕਤੀ, ਬਿਨਾਂ ਸਹਿਮਤੀ, ਅੰਦਰ ਜਾ ਰਹੇ ਜਾਂ ਬਾਹਰ ਆ ਰਹੇ ਲੋਕਾਂ ਦੇ 8 ਫੁੱਟ ਨੇੜੇ ਜਾ ਕੇ ਪਰਚਾ ਨਹੀਂ ਦੇ ਸਕੇਗਾ, ਤਖ਼ਤੀ ਨਹੀਂ ਦਿਖਾ ਸਕੇਗਾ ਅਤੇ ਉਨ੍ਹਾਂ ਨਾਲ ਮੌਖਿਕ ਵਿਰੋਧ ਨਹੀਂ ਕਰ ਸਕੇਗਾ। ਕਿਸੇ ਨੂੰ ਧਮਕਾਉਣਾ, ਰੋਕਣਾ ਜਾਂ ਤੰਗ ਕਰਨਾ ਵੀ ਮਨਾਹੀ ਹੋਵੇਗਾ।
ਪਹਿਲੀ ਵਾਰ ਇਹ ਨਿਯਮ ਤੋੜਨ ‘ਤੇ 1,000 ਡਾਲਰ ਤੱਕ ਜੁਰਮਾਨਾ ਜਾਂ ਛੇ ਮਹੀਨੇ ਤੱਕ ਜੇਲ੍ਹ ਹੋ ਸਕਦੀ ਹੈ। ਮੁੜ ਉਲੰਘਣਾ ਕਰਨ ‘ਤੇ ਸਜ਼ਾ ਹੋਰ ਸਖ਼ਤ ਹੋ ਸਕਦੀ ਹੈ।
ਇਸ ਕਾਨੂੰਨ ਦੇ ਹਮਾਇਤੀ ਕਹਿੰਦੇ ਹਨ ਕਿ ਲੋਕ ਬਿਨਾਂ ਡਰ ਆਪਣੇ ਧਾਰਮਿਕ ਸਥਾਨਾਂ ‘ਤੇ ਜਾ ਸਕਣਗੇ। ਕੁਝ ਲੋਕਾਂ ਨੂੰ ਚਿੰਤਾ ਹੈ ਕਿ ਇਸ ਨਾਲ ਸ਼ਾਂਤਮਈ ਵਿਰੋਧ ਕਰਨ ਜਾਂ ਪਰਚੇ ਵੰਡਣ ਦੇ ਹੱਕ ‘ਤੇ ਅਸਰ ਪੈ ਸਕਦਾ ਹੈ। ਇਹ ਕਾਨੂੰਨ ਅਗਲੇ ਸਾਲ ਤੋਂ ਲਾਗੂ ਹੋਵੇਗਾ।