#AMERICA

ਅਕਤੂਬਰ ਵੀਜ਼ਾ ਬੁਲੇਟਿਨ : ਆਖਰ ਲੰਮੇ ਸਮੇਂ ਬਾਅਦ ਹੋਈ F4 ਕੈਟਾਗਰੀ ‘ਚ ਹਿਲਜੁਲ

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਕਤੂਬਰ 2026 ਦਾ ਵੀਜ਼ਾ ਬੁਲਿਟਨ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਪਰਿਵਾਰਾਂ ਲਈ F2A ਅਤੇ F4 ਸ਼੍ਰੇਣੀਆਂ ਵਿਚ ਕੁਝ ਤਰੱਕੀ ਹੋਈ ਹੈ, ਜਦਕਿ F1, F2B ਅਤੇ F3 ਦੀਆਂ ਤਾਰੀਖ਼ਾਂ ਵਿਚ ਸਤੰਬਰ ਦੇ ਮੁਕਾਬਲੇ ਕੋਈ ਤਬਦੀਲੀ ਨਹੀਂ ਆਈ।
ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਲਈ F2A ਦੀ ਅੰਤਿਮ ਕਾਰਵਾਈ ਤਾਰੀਖ਼ ਸਤੰਬਰ ਵਿਚ 22 ਅਗਸਤ 2026 ਸੀ। ਅਕਤੂਬਰ ਵਿਚ ਇਹ ਵਧ ਕੇ 22 ਸਤੰਬਰ 2026 ਹੋ ਗਈ ਹੈ। ਇਸ ਤਰ੍ਹਾਂ F2A ਵਿੱਚ ਇੱਕ ਮਹੀਨੇ ਦੀ ਤਰੱਕੀ ਹੋਈ ਹੈ। ਇਸ ਦੀ ਅਰਜ਼ੀ ਦਾਖ਼ਲ ਕਰਨ ਵਾਲੀ ਸੂਚੀ ”ਮੌਜੂਦਾ” ਰੱਖੀ ਗਈ ਹੈ।
ਅਮਰੀਕੀ ਨਾਗਰਿਕਾਂ ਦੇ ਭੈਣਾਂ-ਭਰਾਵਾਂ ਲਈ F4 ਦੀ ਅੰਤਿਮ ਕਾਰਵਾਈ ਤਾਰੀਖ਼ ਸਤੰਬਰ ਵਿਚ 1 ਨਵੰਬਰ 2006 ਸੀ, ਜੋ ਅਕਤੂਬਰ ਵਿਚ ਵਧ ਕੇ 15 ਦਸੰਬਰ 2006 ਹੋ ਗਈ ਹੈ। ਇਹ ਲਗਭਗ 44 ਦਿਨਾਂ ਦੀ ਤਰੱਕੀ ਹੈ। F4 ਦੀ ਅਰਜ਼ੀ ਦਾਖ਼ਲ ਕਰਨ ਵਾਲੀ ਤਾਰੀਖ਼ ਵੀ 15 ਦਸੰਬਰ 2006 ਤੋਂ ਵਧ ਕੇ 1 ਫਰਵਰੀ 2007 ਹੋਈ ਹੈ।
ਦੂਜੇ ਪਾਸੇ, ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਬਾਲਗ ਪੁੱਤਰਾਂ-ਧੀਆਂ ਲਈ F1 ਦੀ ਤਾਰੀਖ਼ 22 ਜਨਵਰੀ 2020, ਗ੍ਰੀਨ ਕਾਰਡ ਧਾਰਕਾਂ ਦੇ ਬਾਲਗ ਅਣਵਿਆਹੇ ਬੱਚਿਆਂ ਲਈ F2B ਦੀ ਤਾਰੀਖ਼ 22 ਅਗਸਤ 2019 ਅਤੇ ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰਾਂ-ਧੀਆਂ ਲਈ F3 ਦੀ ਤਾਰੀਖ਼ 22 ਅਕਤੂਬਰ 2014 ਉੱਤੇ ਹੀ ਰੁਕੀ ਹੋਈ ਹੈ।
F4 ਵਿਚ ਭਾਰਤੀਆਂ ਦੀਆਂ ਅਰਜ਼ੀਆਂ ਬਹੁਤ ਜ਼ਿਆਦਾ ਅਤੇ ਸਾਲਾਨਾ ਵੀਜ਼ਿਆਂ ਦੀ ਗਿਣਤੀ ਸੀਮਤ ਹੋਣ ਕਾਰਨ ਲੰਬੀ ਉਡੀਕ ਜਾਰੀ ਹੈ। ਬਿਨੈਕਾਰਾਂ ਨੂੰ ਆਪਣੀ ਤਰਜੀਹੀ ਤਾਰੀਖ਼ ਕੱਟ-ਆਫ਼ ਤਾਰੀਖ਼ ਨਾਲ ਮਿਲਾ ਕੇ ਹੀ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ।