ਫਲੋਰੀਡਾ, 9 ਸਤੰਬਰ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰੀਡਾ ਸੂਬੇ ਦੇ ਸ਼ਹਿਰ ਟੈਂਪਾ ਵਿਖੇ ਮਿਡਲਟਨ ਹਾਈ ਸਕੂਲ ਦੇ ਸਿੱਖ ਵਿਦਿਆਰਥੀ, ਸਰਤਾਜ ਸਿੰਘ ਦੀ ਸਿਟੀ ਆਫ਼ ਟੈਂਪਾ ਦੇ ਵੱਕਾਰੀ ”ਮੇਅਰਜ਼ ਯੂਥ ਕੋਰ” (ਕਲਾਸ ਆਫ਼ 2026) ਵਿਚ ਚੋਣ ਹੋਈ ਹੈ। ਇਹ ਇੱਕ ਸਾਲਾ ਸਿਵਿਕ ਲੀਡਰਸ਼ਿਪ ਪ੍ਰੋਗਰਾਮ ਹੈ, ਜੋ ਨੌਜਵਾਨਾਂ ਨੂੰ ਮੇਅਰ, ਸ਼ਹਿਰ ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਸਰਕਾਰ ਨਾਲ ਸਿੱਧੇ ਤੌਰ ‘ਤੇ ਜੁੜਨ ਦੇ ਨਾਲ-ਨਾਲ ਕਮਿਊਨਿਟੀ ਸੇਵਾ ਅਤੇ ਲੀਡਰਸ਼ਿਪ ਦੇ ਹੁਨਰ ਵਿਕਸਿਤ ਕਰਨ ਦਾ ਮੌਕਾ ਦਿੰਦਾ ਹੈ।
ਇਸ ਪ੍ਰੋਗਰਾਮ ਲਈ ਸਖ਼ਤ ਚੋਣ ਪ੍ਰਕਿਰਿਆ, ਅਰਜ਼ੀਆਂ ਦੀ ਸਮੀਖਿਆ ਅਤੇ ਇੰਟਰਵਿਊ ਤੋਂ ਬਾਅਦ ਸ਼ਹਿਰ ਭਰ ਵਿਚੋਂ ਕੇਵਲ 40 ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।
ਆਪਣੀ ਚੋਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸਰਤਾਜ ਸਿੰਘ ਨੇ ਦੱਸਿਆ ਕਿ ਉਹ ਟੈਂਪਾ ਦੇ ਮੇਅਰਜ਼ ਯੂਥ ਕੋਰ ਵਿਚ ਸੇਵਾ ਨਿਭਾਉਣ ਵਾਲਾ ਪਹਿਲਾ ਸਿੱਖ ਹੈ। ਉਸਨੇ ਕਿਹਾ ਕਿ 2019 ਵਿਚ ਸ਼ਿਕਾਗੋ ਤੋਂ ਟੈਂਪਾ ਆਉਣ ਤੋਂ ਬਾਅਦ, ਇਹ ਉਸ ਲਈ ਇੱਕ ਬਹੁਤ ਮਾਣ ਵਾਲਾ ਪਲ ਹੈ ਕਿ ਉਸਨੂੰ ਸ਼ਹਿਰ ਦੇ ਨੌਜਵਾਨਾਂ ਅਤੇ ਸਥਾਨਕ ਸਰਕਾਰੀ ਸੰਸਥਾਵਾਂ ਵਿਚ ਸਿੱਖ ਭਾਈਚਾਰੇ ਦੀ ਪਛਾਣ ਤੇ ਨੁਮਾਇੰਦਗੀ ਦਰਜ ਕਰਵਾਉਣ ਦਾ ਮੌਕਾ ਮਿਲਿਆ ਹੈ।
ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਸਰਤਾਜ ਨੇ ਜਾਣਕਾਰੀ ਦਿੱਤੀ ਕਿ ਉਹ ਪਿਛਲੇ 10 ਸਾਲਾਂ ਤੋਂ ਟੈਨੇਸੀ ਗੁਰਮਤਿ ਕੈਂਪ ਵਿਚ ਸ਼ਾਮਲ ਹੁੰਦਾ ਆ ਰਿਹਾ ਹੈ ਅਤੇ ਚਾਰ ਸਾਲਾਂ ਤੱਕ ਬਤੌਰ ਕੈਂਪ ਕਾਉਂਸਲਰ ਬੱਚਿਆਂ ਨੂੰ ਧਰਮ, ਪ੍ਰੰਪਰਾਵਾਂ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਦਿੰਦਾ ਰਿਹਾ ਹੈ। ਉਸਨੇ ਦੱਸਿਆ ਕਿ ‘ਸਿੱਖ ਯੂਥ ਸਿੰਪੋਜ਼ੀਅਮ’ ਵਿਚ ਕਈ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਸ਼ਮੂਲੀਅਤ ਕਰਨ ਵਰਗੇ ਤਜ਼ਰਬਿਆਂ ਨੇ ਹੀ ਉਸਦੀ ਲੀਡਰਸ਼ਿਪ ਅਤੇ ਸਮਾਜ ਸੇਵਾ ਵਿਚ ਦਿਲਚਸਪੀ ਵਧਾਈ ਹੈ।
ਟੈਂਪਾ ਦੇ ਇਸ ਯੂਥ ਕੋਰ ਵਰਗੇ ਪ੍ਰੋਗਰਾਮ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਯੂਥ ਕੌਂਸਲਾਂ ਅਤੇ ਮੇਅਰ ਲੀਡਰਸ਼ਿਪ ਪਹਿਲਕਦਮੀਆਂ ਵਜੋਂ ਚਲਾਏ ਜਾਂਦੇ ਹਨ, ਜਿੱਥੇ ਨੌਜਵਾਨਾਂ ਨੂੰ ਇਹ ਸਮਝਣ ਦਾ ਮੌਕਾ ਮਿਲਦਾ ਹੈ ਕਿ ਸਥਾਨਕ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ।
ਸਰਤਾਜ ਸਿੰਘ ਦੀ ਇਹ ਪ੍ਰਾਪਤੀ ਸਮੁੱਚੇ ਸਿੱਖ ਭਾਈਚਾਰੇ, ਮਾਪਿਆਂ ਅਤੇ ਨੌਜਵਾਨਾਂ ਲਈ ਇੱਕ ਅਹਿਮ ਸੁਨੇਹਾ ਲੈ ਕੇ ਆਈ ਹੈ। ਸਾਡੇ ਭਾਈਚਾਰੇ ਵਿਚ ਆਮ ਤੌਰ ‘ਤੇ ਪੜ੍ਹਾਈ, ਖੇਡਾਂ ਅਤੇ ਸਕੂਲ ਦੀਆਂ ਰਵਾਇਤੀ ਗਤੀਵਿਧੀਆਂ ‘ਤੇ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ, ਜਦਕਿ ਸਥਾਨਕ ਸਰਕਾਰਾਂ ਅਤੇ ਨਾਗਰਿਕ ਪ੍ਰਸ਼ਾਸਨ (ਸਿਵਿਕ ਲਾਈਫ) ਦੇ ਅਜਿਹੇ ਮੰਚਾਂ ਬਾਰੇ ਜਾਗਰੂਕਤਾ ਦੀ ਘਾਟ ਰਹੀ ਹੈ। ਸਰਤਾਜ ਦੀ ਇਸ ਚੋਣ ਤੋਂ ਪ੍ਰੇਰਨਾ ਲੈ ਕੇ ਸਿੱਖ ਨੌਜਵਾਨਾਂ ਨੂੰ ਆਪਣੇ-ਆਪਣੇ ਸ਼ਹਿਰਾਂ ਵਿਚ ਅਜਿਹੇ ਲੀਡਰਸ਼ਿਪ ਪ੍ਰੋਗਰਾਮਾਂ ਦੀ ਭਾਲ ਕਰਕੇ ਉਨ੍ਹਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਮੁੱਖ ਧਾਰਾ ਦੀਆਂ ਸੰਸਥਾਵਾਂ ਵਿਚ ਸਿੱਖਾਂ ਦੀ ਸਾਰਥਕ ਹਾਜ਼ਰੀ ਅਤੇ ਅਗਵਾਈ ਹੋਰ ਮਜ਼ਬੂਤ ਹੋ ਸਕੇ।
ਟੈਂਪਾ ਦੇ ”ਮੇਅਰਜ਼ ਯੂਥ ਕੋਰ” ਲਈ ਸਿੱਖ ਵਿਦਿਆਰਥੀ ਸਰਤਾਜ ਸਿੰਘ ਦੀ ਚੋਣ

