ਚਮਕੌਰ ਸਾਹਿਬ, 27 ਅਗਸਤ (ਪੰਜਾਬ ਮੇਲ)- 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਨੇ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਪੰਜਾਬ ਰਾਜ ਐੱਸ.ਸੀ./ਐੱਸ.ਟੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਚਮਕੌਰ ਸਾਹਿਬ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕਰਨ ਨਾਲ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ। ਇਸ ਨਿਯੁਕਤੀ ਨੂੰ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਾ. ਚਰਨਜੀਤ ਸਿੰਘ ਨੇ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਹੋਈਆਂ ਸਥਾਨਕ ਚੋਣਾਂ ਵਿਚ ‘ਆਪ’ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਚੰਗਾ ਨਹੀਂ ਰਿਹਾ। ਚਮਕੌਰ ਸਾਹਿਬ ਅਤੇ ਮੋਰਿੰਡਾ ਨਗਰ ਕੌਂਸਲ ਸਮੇਤ ਹੋਰ ਸਥਾਨਕ ਚੋਣਾਂ ਵਿਚ ਪਾਰਟੀ ਨੂੰ ਮਿਲੀਆਂ ਨਾਕਾਮੀਆਂ ਨੇ ਵੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਕੀਤੇ ਹਨ।
ਦੂਜੇ ਪਾਸੇ ਜਸਵੀਰ ਸਿੰਘ ਗੜ੍ਹੀ ਲੰਮੇ ਸਮੇਂ ਤੱਕ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਪੰਜਾਬ ਦੀ ਦਲਿਤ ਸਿਆਸਤ ਵਿਚ ਆਪਣੀ ਪਛਾਣ ਬਣਾਈ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਬਸਪਾ ਉਮੀਦਵਾਰ ਵਜੋਂ ਚੋਣ ਲੜੀ ਸੀ। ‘ਆਪ’ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਐੱਸ.ਸੀ./ਐੱਸ.ਟੀ. ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਅਤੇ ਹੁਣ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਬਣਾਉਣਾ ਉਨ੍ਹਾਂ ਦੇ ਵਧਦੇ ਸਿਆਸੀ ਕੱਦ ਵੱਲ ਇਸ਼ਾਰਾ ਕਰਦਾ ਹੈ। ਚਮਕੌਰ ਸਾਹਿਬ ਨੂੰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ਵਿਚ ‘ਆਪ’ ਵੱਲੋਂ ਗੜ੍ਹੀ ਨੂੰ ਮੈਦਾਨ ਵਿਚ ਉਤਾਰਨਾ 2027 ਵਿਚ ਚੰਨੀ ਦੇ ਪ੍ਰਭਾਵ ਨੂੰ ਚੁਣੌਤੀ ਦੇਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪਾਰਟੀ ਨੇ ਡਾ. ਚਰਨਜੀਤ ਸਿੰਘ ਦੀ ਟਿਕਟ ਕੱਟਣ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਗੜ੍ਹੀ ਦੀ ਨਿਯੁਕਤੀ ਨੇ ਇਹ ਸਵਾਲ ਜ਼ਰੂਰ ਖੜ੍ਹਾ ਕਰ ਦਿੱਤਾ ਹੈ ਕਿ ਕੀ 2027 ਵਿਚ ਚਮਕੌਰ ਸਾਹਿਬ ਤੋਂ ‘ਆਪ’ ਨਵਾਂ ਚਿਹਰਾ ਉਤਾਰਨ ਦੀ ਤਿਆਰੀ ਕਰ ਰਹੀ ਹੈ? ਜਦੋਂ ਇਸ ਨਵੀਂ ਨਿਯੁਕਤੀ ਸਬੰਧੀ ਆਪ ਦੇ ਹਲਕਾ ਸੰਗਠਨ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨਾਲ ਗੱਲ ਕੀਤੀ, ਤਾਂ ਉਨ੍ਹਾ ਕਿਹਾ ਕਿ ਉਹ ਤੇ ਵਰਕਰ ਪਾਰਟੀ ਨਾਲ ਹਨ। ਪਾਰਟੀ ਜੋ ਵੀ ਫੈਸਲਾ ਲੈਂਦੀ ਹੈ, ਉਹ ਉਸ ਨਾਲ ਹਨ।
ਚਮਕੌਰ ਸਾਹਿਬ ‘ਚ ‘ਆਪ’ ਵੱਲੋਂ ਜਸਵੀਰ ਸਿੰਘ ਗੜ੍ਹੀ ਹਲਕਾ ਇੰਚਾਰਜ ਨਿਯੁਕਤ

