#AMERICA

ਓ.ਪੀ.ਟੀ. ਪ੍ਰੋਗਰਾਮ ਨੂੰ ਖਤਮ ਕਰਨ ਦੀ ਵਕਾਲਤ : ਰਿਪੋਰਟ

ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਤੇ ਨੌਕਰੀ ਹੋਈ ਔਖੀ
ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ 2024-25 ਵਿਚ ਲਗਭਗ 3 ਲੱਖ ਵਿਦੇਸ਼ੀ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਰੁਜ਼ਗਾਰ ਪ੍ਰਾਪਤ ਕੀਤਾ, ਜਦੋਂ ਕਿ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਵਿਚ ਗਿਰਾਵਟ ਆਈ। ਇਕ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਵਿਚ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ (ਓ.ਪੀ.ਟੀ.) ਪ੍ਰੋਗਰਾਮ ਨੂੰ ਖਤਮ ਕਰਨ ਦੀ ਵਕਾਲਤ ਕੀਤੀ ਗਈ ਹੈ। ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ (ਸੀ.ਆਈ.ਐੱਸ.) ਦੇ ਸੀਨੀਅਰ ਲੀਗਲ ਫੈਲੋ ਜਾਰਜ ਫਿਸ਼ਮੈਨ ਦੁਆਰਾ ਤਿਆਰ ਕੀਤੀ ਇਸ ਰਿਪੋਰਟ ਮੁਤਾਬਕ ਸਾਲ 2025 ਵਿਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਅਮਰੀਕੀ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ 2024 ਦੇ ਮੁਕਾਬਲੇ 62 ਪ੍ਰਤੀਸ਼ਤ ਘੱਟ ਗਈ, ਜੋ ਅਮਰੀਕੀ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਵੇਗੀ।
ਰਿਪੋਰਟ ਅਨੁਸਾਰ, ਚੀਨੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਵੀਜ਼ਾ ਵਿਚ ਵੀ 34 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਸਾਲ 2025 ਵਿਚ ਚੀਨੀ ਵਿਦਿਆਰਥੀਆਂ ਨੂੰ 40,034 ਵੀਜ਼ੇ ਜਾਰੀ ਕੀਤੇ ਗਏ, ਜਦੋਂ ਕਿ 2024 ਵਿਚ ਇਹ ਗਿਣਤੀ 61,075 ਸੀ। ਇਸੇ ਤਰ੍ਹਾਂ ਅਮਰੀਕਾ ਨੇ 2025 ਵਿਚ ਭਾਰਤੀ ਨਾਗਰਿਕਾਂ ਨੂੰ 22,149 ਵਿਦਿਆਰਥੀ ਵੀਜ਼ੇ ਜਾਰੀ ਕੀਤੇ, ਜਦੋਂ ਕਿ 2024 ਵਿਚ ਇਹ ਗਿਣਤੀ 58,694 ਸੀ। ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਜੂਕੇਸ਼ਨ (ਆਈ.ਆਈ.ਈ.) ਦੀ ਸਾਲਾਨਾ ਜਨਗਣਨਾ ਦੇ ਅਨੁਸਾਰ, 2024-25 ਅਕਾਦਮਿਕ ਸਾਲ ਵਿਚ 1,177,766 ਵਿਦੇਸ਼ੀ ਵਿਦਿਆਰਥੀ ਅਮਰੀਕਾ ਦੇ ਉੱਚ ਸਿੱਖਿਆ ਸੰਸਥਾਨਾਂ ਵਿਚ ਪੜ੍ਹ ਰਹੇ ਸਨ। ਇਨ੍ਹਾਂ ਵਿਚੋਂ 363,019 ਵਿਦਿਆਰਥੀ ਭਾਰਤ ਤੋਂ ਅਤੇ 265,919 ਚੀਨ ਤੋਂ ਸਨ।
ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚੋਂ 53 ਪ੍ਰਤੀਸ਼ਤ ਸੀ। ਆਈ.ਆਈ.ਈ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2024-25 ਅਕਾਦਮਿਕ ਸਾਲ ਵਿਚ ਅਮਰੀਕਾ ਵਿਚ ਪੜ੍ਹ ਰਹੇ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਵਿਚੋਂ, 2,94,253 ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓ.ਪੀ.ਟੀ. ਪ੍ਰੋਗਰਾਮ ਅਧੀਨ ਅਮਰੀਕਾ ਵਿਚ ਕੰਮ ਕਰ ਰਹੇ ਸਨ। ਰਿਪੋਰਟ ਅਨੁਸਾਰ, ਓ.ਪੀ.ਟੀ. ਪ੍ਰੋਗਰਾਮ ਅਧੀਨ ਕੰਮ ਕਰਨ ਵਾਲੇ 49 ਪ੍ਰਤੀਸ਼ਤ (143,740) ਵਿਦਿਆਰਥੀ ਭਾਰਤੀ ਸਨ, ਜਦੋਂ ਕਿ 21 ਪ੍ਰਤੀਸ਼ਤ (61,981) ਚੀਨ ਤੋਂ ਸਨ। ਫਿਸ਼ਮੈਨ ਨੇ ਕਿਹਾ, ”ਮੈਂ ਅਮਰੀਕੀ ਵਿਦਿਆਰਥੀਆਂ ਅਤੇ ਕਾਮਿਆਂ ਦੀਆਂ ਤਨਖਾਹਾਂ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਰੱਖਿਆ ਲਈ ਓ.ਪੀ.ਟੀ. ਪ੍ਰੋਗਰਾਮ ਨੂੰ ਖਤਮ ਕਰਨ ਦੀ ਲਗਾਤਾਰ ਵਕਾਲਤ ਕੀਤੀ ਹੈ।”
ਭਾਵੇਂ ਅਜਿਹਾ ਨਹੀਂ ਵੀ ਹੁੰਦਾ, ਤਾਂ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਓ.ਪੀ.ਟੀ. ਪ੍ਰੋਗਰਾਮ ਦੇ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਅਮਰੀਕੀ ਵਿਦਿਆਰਥੀਆਂ ਅਤੇ ਕਾਮਿਆਂ ‘ਤੇ ਇਸ ਦੇ ਮਾੜੇ ਪ੍ਰਭਾਵ ਘੱਟ ਪੈਣਗੇ, ਕਿਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਦਾ ਓ.ਪੀ.ਟੀ. ਭਾਗੀਦਾਰਾਂ ਵਿਚ ਸਭ ਤੋਂ ਵੱਡਾ ਹਿੱਸਾ ਹੈ। ਸੀ.ਆਈ.ਐੱਸ. ਰਿਪੋਰਟ ਤੁਲਨਾ ਲਈ ਮਈ ਤੋਂ ਅਗਸਤ ਦੀ ਮਿਆਦ ਦੀ ਵਰਤੋਂ ਕਰਦੀ ਹੈ, ਕਿਉਂਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਆਦਾਤਰ ਐੱਫ-1 ਵਿਦਿਆਰਥੀ ਵੀਜ਼ੇ ਇਸ ਸਮੇਂ ਦੌਰਾਨ ਜਾਰੀ ਕੀਤੇ ਜਾਂਦੇ ਹਨ। ਰਿਪੋਰਟ ਅਨੁਸਾਰ, 2024 ਵਿਚ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ 77 ਪ੍ਰਤੀਸ਼ਤ ਐੱਫ-1 ਵੀਜ਼ਾ ਅਤੇ ਚੀਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ 76 ਪ੍ਰਤੀਸ਼ਤ ਐੱਫ-1 ਵੀਜ਼ਾ ਮਈ ਅਤੇ ਅਗਸਤ ਦੇ ਵਿਚਕਾਰ ਜਾਰੀ ਕੀਤੇ ਗਏ ਸਨ।