#world

ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਹਵਾਈ ਅੱਡੇ ’ਤੇ ਮੁੜ ਹਮਲਾ

ਕਾਹਿਰਾ, 11 ਅਕਤੂਬਰ (ਪੰਜਾਬ ਮੇਲ)- ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਮੁੜ ਹਮਲਾ ਹੋਇਆ ਅਤੇ ਧਮਾਕਿਆਂ ਮਗਰੋਂ ਇਸ ਨੂੰ ਖਾਲੀ ਕਰਵਾ ਲਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਦੋ ਦਿਨ ਪਹਿਲਾਂ ਸਾਊਦੀ ਅਰਬ ਦੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਇੱਕ ਪਾਇਲਟ ਵੀ ਸ਼ਾਮਲ ਸੀ। ਇਰਾਨ ਜੰਗ ਦੇ ਨਵੇਂ ਮੋਰਚੇ ’ਤੇ ਸਾਊਦੀ ਅਰਬ ਨੂੰ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਰਿਆਧ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ।  ਸਾਊਦੀ ਅਰਬ ਦੀ ਅਗਵਾਈ ਹੇਠਲੇ ਗੱਠਜੋੜ ਵੱਲੋਂ ਗੁਆਂਢੀ ਦੇਸ਼ ਯਮਨ ਵਿੱਚ ਇਰਾਨ-ਸਮਰਥਿਤ ਹੂਤੀ ਬਾਗੀਆਂ ਵਿਰੁੱਧ ਵੱਡੀ ਫੌਜੀ ਕਾਰਵਾਈ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਹਫ਼ਤੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਹੂਤੀ ਬਾਗੀਆਂ ਨੇ ਪਹਿਲਾਂ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਬੁੱਧਵਾਰ ਨੂੰ ਹੋਏ ਇੱਕ ਹਮਲੇ ਵਿੱਚ ਸੁਡਾਨ ਦੇ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ।