#AMERICA

ਟਰੰਪ ਵੱਲੋਂ ਯੂਕਰੇਨ ’ਚ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦੀ ਸਲਾਹ

ਵਾਸ਼ਿੰਗਟਨ, 11 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਸੁਝਾਅ ਦਿੱਤਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣਨਾ ਚਾਹੀਦਾ ਹੈ, ਜੋ ਰੂਸ ਨਾਲ ਜੰਗ ਖ਼ਤਮ ਕਰਨ ਲਈ ਸਮਝੌਤਾ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਰੂਸ ਦੇ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਟਰੰਪ ਦਾ ਇਹ ਬਿਆਨ ਰੂਸ ਨਾਲ ਡੀਜ਼ਲ ਦੀ ਸਪਲਾਈ ਸਬੰਧੀ ਸਮਝੌਤੇ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ।

ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਖ਼ਾਸ ਤੌਰ ’ਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਖਾਨਿਆਂ ’ਤੇ ਹਮਲਿਆਂ ਨਾਲ ਦੁਨੀਆ ਭਰ ਵਿੱਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਕਿਹਾ, “ਅਸੀਂ ਜ਼ੇਲੈਂਸਕੀ ਨੂੰ ਕਿਹਾ ਸੀ ਕਿ ਤੁਸੀਂ ਰੂਸ ਨਾਲ ਜੋ ਮਰਜ਼ੀ ਕਰੋ ਪਰ ਤੇਲ ਸੋਧਕ ਕਾਰਖਾਨਿਆਂ ’ਤੇ ਹਮਲਾ ਨਾ ਕਰੋ, ਕਿਉਂਕਿ ਇਹ ਪੂਰੀ ਦੁਨੀਆ ਲਈ ਸਮੱਸਿਆ ਬਣ ਸਕਦੀ ਹੈ ਪਰ ਉਸ ਨੇ ਕੀ ਕੀਤਾ? ਉਸ ਨੇ ਡੀਜ਼ਲ ਬਣਾਉਣ ਵਾਲੇ ਕਾਰਖਾਨਿਆਂ ’ਤੇ ਹਮਲਾ ਕਰ ਦਿੱਤਾ। ਉਸ ਨੂੰ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ।”