#AMERICA

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਕਮਾਈ ਕਰਨ ਗਏ  ਪੰਜਾਬੀ ਨੌਜਵਾਨ ਖੁਸ਼ਕਰਨਦੀਪ ਸਿੰਘ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਲਾਸ਼ ਵੀ ਕਈ ਦਿਨਾਂ ਬਾਅਦ ਹੀ ਲੱਭੀ ਜਾ ਸਕੀ। ਹਾਲੇ ਤਾਂਈ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕੁਝ ਸੁਰਾਗ ਸਾਹਮਣੇ ਆ ਸਕਦੇ ਹਨ। ਅਜਿਹੀ ਅਭਾਗੀ ਖ਼ਬਰ ਆਉਣ ‘ਤੇ ਪਿੰਡ ‘ਚ ਸੋਗ ਦੀ ਲਹਿਰ ਹੈ।
ਦੱਸਣਯੋਗ ਨੌਜਵਾਨ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ (ਉਮਰ 24 ਸਾਲ) ਕਰੀਬ ਪੰਜ ਸਾਲ ਪਹਿਲਾਂ ਚੰਗੀ ਜ਼ਿੰਦਗੀ ਦੇ ਸੁਫਨੇ ਲੈ ਕੇ ਅਮਰੀਕਾ ਪਹੁੰਚਿਆ ਸੀ। ਖੁਸ਼ਕਰਨਦੀਪ ਅਮਰੀਕਾ ਦੇ ਕੈਲੀਫੋਰਨੀਆ ‘ਚ ਟਰਾਲਾ ਚਲਾਉਂਦਾ ਸੀ। ਉਹ ਜਦੋਂ ਆਪਣੀ ਕਾਰ ਜ਼ਰੀਏ ਜਾ ਰਿਹਾ ਸੀ, ਤਾਂ ਰਸਤੇ ‘ਚ ਅਣਪਛਾਤਿਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਕੁਝ ਦਿਨ ਪਹਿਲਾਂ 30 ਜੁਲਾਈ ਤੋਂ ਜਦੋਂ ਉਸਦਾ ਫੋਨ ਸਵਿੱਚ ਆਫ ਆਉਣ ਲੱਗਿਆ, ਤਾਂ ਪਰਿਵਾਰ ਦੀ ਫਿਕਰਮੰਦੀ ਵਧੀ। ਪਰਿਵਾਰ ਦੇ ਉਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਅਮਰੀਕੀ ਥਾਣੇ ‘ਚ ਇਤਲਾਹ ਦੇਣ ਮਗਰੋਂ ਪੁਲਿਸ ਵੱਲੋਂ ਕੀਤੀ ਜਾਂਚ ਮਗਰੋਂ ਜੰਗਲਾਂ ‘ਚੋਂ ਉਸਦੀ ਲਾਸ਼ ਬਰਾਮਦ ਹੋਈ ਦੱਸੀ ਜਾ ਰਹੀ ਹੈ। ਘਟਨਾ ਕਿਉਂ ਵਾਪਰੀ, ਕਿਵੇਂ ਵਾਪਰੀ ਤੇ ਕੌਣ ਇਸ ਦੇ ਪਿੱਛੇ ਹੈ, ਇਸ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਕਰ ਰਹੀ ਹੈ। ਉਂਝ ਵੱਡਾ ਸ਼ੱਕ ਹੈ ਕਿ ਮਿਹਨਤੀ ਨੌਜਵਾਨ ਦੀ ਲੁਟੇਰਿਆਂ ਨੇ ਜਾਨ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਖੁਲਾਸੇ ਹੋ ਸਕਣਗੇ। ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖੁਸ਼ਕਰਨਦੀਪ ਸਾਊ ਤੇ ਨੇਕ ਸੁਭਾਅ ਦਾ ਸੀ, ਸਿਰਫ਼ ਆਪਣੇ ਟਰਾਲੇ ਦੇ ਕੰਮ ਵੱਲ ਹੀ ਰੁਚਿਤ ਰਹਿੰਦਾ ਸੀ। ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਸਜ਼ਾ ਦਿਵਾਈ ਜਾਵੇ ਅਤੇ ਲਾਸ਼ ਨੂੰ ਜਲਦੀ ਭਾਰਤ ਭੇਜਿਆ ਜਾਵੇ।