#AMERICA

ਅਮਰੀਕਾ ਨੇ ਈਰਾਨ ਦੀ ਮਦਦ ਦੇ ਦੋਸ਼ ਹੇਠ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸੰਸਥਾਵਾਂ ‘ਤੇ ਲਗਾਈਆਂ ਪਾਬੰਦੀਆਂ

ਵਾਸ਼ਿੰਗਟਨ, 1 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਈਰਾਨ ਦੇ ਇਸਲਾਮਿਕ ਰਿਵੋਲਯੂਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੀ ਮਦਦ ਕਰਨ ਦੇ ਦੋਸ਼ ਵਿਚ ਚੀਨ, ਭਾਰਤ, ਰੂਸ ਅਤੇ ਈਰਾਨ ਦੀਆਂ 6 ਸੰਸਥਾਵਾਂ ਅਤੇ ਵਿਅਕਤੀਆਂ ‘ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇੱਕ ਅਧਿਕਾਰਤ ਪ੍ਰੈੱਸ ਬਿਆਨ ਅਨੁਸਾਰ, ਇਹ ਪਾਬੰਦੀਆਂ ਈਰਾਨੀ ਸ਼ਾਸਨ ਦੀ ਫੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਲੇ ਨੈੱਟਵਰਕ ਨੂੰ ਤੋੜਨ ਲਈ ਲਗਾਈਆਂ ਗਈਆਂ ਹਨ।
ਪਾਬੰਦੀਆਂ ਦੇ ਘੇਰੇ ਵਿਚ ਉਹ ਸੰਸਥਾਵਾਂ ਸ਼ਾਮਲ ਹਨ, ਜੋ ‘ਮਹਾਨ ਏਅਰ’ ਦੀ ਸਹਾਇਤਾ ਕਰ ਰਹੀਆਂ ਹਨ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਈ.ਆਰ.ਜੀ.ਸੀ. ਇਸ ਏਅਰਲਾਈਨ ਦੀ ਵਰਤੋਂ ਹਥਿਆਰਾਂ, ਫੌਜੀ ਕਰਮਚਾਰੀਆਂ ਅਤੇ ਹੋਰ ਸਾਜ਼ੋ-ਸਾਮਾਨ ਨੂੰ ਇੱਧਰ-ਉੱਧਰ ਲਿਜਾਣ ਲਈ ਕਰਦਾ ਹੈ।
ਇਸ ਕਾਰਵਾਈ ਵਿਚ ‘ਦਾਦੇਨੇਗਰ ਸਟਾਰਟਅਪ ਸਟੂਡੀਓ’ ਨਾਮਕ ਇੱਕ ਕੰਪਨੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੋਸ਼ ਹੈ ਕਿ ਇਹ ਆਈ.ਆਰ.ਜੀ.ਸੀ. ਨਾਲ ਜੁੜੀ ਇੱਕ ਫਰੰਟ ਕੰਪਨੀ ਹੈ, ਜੋ ਮੱਧ ਪੂਰਬ ਵਿਚ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਉਪਕਰਣਾਂ ਦੀਆਂ ਲੋਕੇਸ਼ਨਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਈਰਾਨੀ ਫੌਜ ਦੀ ਮਦਦ ਕਰ ਰਹੀ ਸੀ।
ਅਮਰੀਕਾ ਨੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਖਾਸ ਤੌਰ ‘ਤੇ ਉਨ੍ਹਾਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ, ਜੋ ਮਹਾਨ ਏਅਰ ਜਾਂ ਕਿਸੇ ਹੋਰ ਪਾਬੰਦੀਸ਼ੁਦਾ ਈਰਾਨੀ ਕੈਰੀਅਰ ਨਾਲ ਵਪਾਰ ਕਰ ਰਹੀਆਂ ਹਨ। ਅਮਰੀਕਾ ਨੇ ਕਿਹਾ ਹੈ ਕਿ ਉਹ ਅਜਿਹੀਆਂ ਸੰਸਥਾਵਾਂ ਦਾ ਪਰਦਾਫਾਸ਼ ਕਰਨਾ ਜਾਰੀ ਰੱਖੇਗਾ, ਜੋ ਆਈ.ਆਰ.ਜੀ.ਸੀ. ਨੂੰ ਅਜਿਹੇ ਸਾਧਨ ਅਤੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਅਮਰੀਕੀ ਕਰਮਚਾਰੀਆਂ ਅਤੇ ਖੇਤਰੀ ਸਥਿਰਤਾ ਨੂੰ ਖਤਰਾ ਪਹੁੰਚਾਉਣ ਲਈ ਕੀਤੀ ਜਾਂਦੀ ਹੈ।