-ਵਿਦਿਆਰਥੀ ਲਹਿਰ ਨੇ ਪੰਜਾਬ ‘ਚ ਸਿਰਜਿਆ ਸੀ ਇਤਿਹਾਸ
ਚੰਡੀਗੜ੍ਹ, 28 ਜੁਲਾਈ (ਪੰਜਾਬ ਮੇਲ)- ਦਿੱਲੀ ਅੰਦੋਲਨ ਦੀ ਜਿੱਤ ਮਗਰੋਂ ਹੁਣ ‘ਜੈੱਨ-ਜ਼ੀ’ ਦੀ ਚਾਰੇ ਪਾਸੇ ਗੂੰਜ ਪਈ ਹੈ। ਪੰਜਾਬ ‘ਚ ਵੀ ਇੱਕ ਦੌਰ ਸੀ ਜਦੋਂ ਵਿਦਿਆਰਥੀ ਲਹਿਰ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਕਰੀਬ ਅੱਧੀ ਸਦੀ ਪਹਿਲਾਂ ਪੰਜਾਬ ‘ਚ ਨੌਜਵਾਨਾਂ ਨੇ ਤੰਤਰ ਦੀ ਚੂਲ ਹਿਲਾ ਕੇ ਰੱਖ ਦਿੱਤੀ ਸੀ।
ਪੰਜਾਬ ‘ਚ ਸੱਤਰ ਦੇ ਦਹਾਕੇ ‘ਚ ਮੋਗਾ ਕਾਂਡ ਨੇ ਪੰਜਾਬ ਦੀ ਜਵਾਨੀ ਦੇ ਰੋਹ ‘ਤੇ ਤੇਲ ਪਾ ਦਿੱਤਾ ਸੀ। ਮੋਗਾ ਦੇ ਰੀਗਲ ਸਿਨੇਮਾ ਕਾਂਡ ਦੀ ਚੰਗਿਆੜੀ ਮਗਰੋਂ ਕਰੀਬ ਇੱਕ ਦਹਾਕਾ ਪੰਜਾਬ ‘ਚ ਵਿਦਿਆਰਥੀ ਲਹਿਰ ਦੀ ਤੂਤੀ ਬੋਲਦੀ ਰਹੀ। ਵਿਦਿਆਰਥੀ ਧਿਰਾਂ ਸੂਬੇ ਭਰ ‘ਚ ਤੇਜ਼ੀ ਨਾਲ ਫੈਲੀਆਂ ਸਨ। ਕਰੀਬ 1982-83 ਦੇ ਸਮਿਆਂ ਤੱਕ ਵਿਦਿਆਰਥੀ ਲਹਿਰ ਸਿਖ਼ਰਾਂ ‘ਤੇ ਰਹੀ।
ਪਿਛਾਂਹ ਦੇਖੀਏ ਤਾਂ ਮੋਗਾ ਕਾਂਡ ਵਿਦਿਆਰਥੀ ਲਹਿਰ ਦਾ ਕੇਂਦਰ ਬਿੰਦੂ ਬਣਿਆ। ਮੋਗਾ ਗੋਲੀ ਕਾਂਡ ਬਾਰੇ ਜਾਂਚ ਕਮਿਸ਼ਨ ਬਣਿਆ, ਜਿਸ ਦੀ ਰਿਪੋਰਟ 2 ਮਾਰਚ 1973 ਨੂੰ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਸੀ। ਇਸ ਰਿਪੋਰਟ ਅਨੁਸਾਰ ਮੋਗਾ ਦੇ ਸਥਾਨਕ ਵਿਦਿਆਰਥੀਆਂ ਨੇ ਟਿਕਟਾਂ ਦੀ ਬਲੈਕ ਨੂੰ ਲੈ ਕੇ ਕੇ ਸ਼ਹਿਰ ਦੇ ਰੀਗਲ ਸਿਨੇਮਾ ਅਤੇ ਮੈਜਿਸਟਿਕ ਸਿਨੇਮਾ ਬਾਰੇ ਐੱਸ.ਡੀ.ਐੱਮ. (ਮੋਗਾ) ਨੂੰ ਸ਼ਿਕਾਇਤ ਕੀਤੀ ਸੀ। ਐੱਸ.ਡੀ.ਐੱਮ. ਹਰਭਜਨ ਸਿੰਘ ਨੇ ਉਸ ਵਕਤ ਸਮਝੌਤਾ ਵੀ ਕਰਾਇਆ ਪ੍ਰੰਤੂ ਸਿਨੇਮਾ ਮਾਲਕ ਪਾਲਣਾ ਕਰਨ ਤੋਂ ਭੱਜ ਗਏ। 27 ਸਤੰਬਰ 1972 ਨੂੰ ਜਦੋਂ ਮੁੜ ਕਾਲਜ ਖੁੱਲ੍ਹੇ, ਤਾਂ ਸਿਨੇਮਾਘਰਾਂ ‘ਚ ਕੋਈ ਸੁਧਾਰ ਨਾ ਹੋਣ ਤੋਂ ਵਿਦਿਆਰਥੀ ਭੜਕ ਉੱਠੇ, ਜਿਨ੍ਹਾਂ ਨੇ ਕਮੇਟੀ ਬਣਾ ਕੇ 3 ਅਕਤੂਬਰ 1972 ਨੂੰ ਦੋਵੇਂ ਸਿਨੇਮਾਘਰਾਂ ਅੱਗੇ ਪ੍ਰਦਰਸ਼ਨ ਕੀਤਾ। ਐੱਸ.ਡੀ.ਐੱਮ. ਨੇ ਮੁੜ ਸ਼ਿਕਾਇਤ ਮਿਲਣ ‘ਤੇ ਬਹੁਤੀ ਗ਼ੌਰ ਨਾ ਕੀਤੀ ਅਤੇ ਜਾਂਚ ਰਿਪੋਰਟ ਅਨੁਸਾਰ ਐੱਸ.ਡੀ.ਐੱਮ. ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਵੀ ਹਨੇਰੇ ‘ਚ ਰੱਖਿਆ। ਇਸੇ ਦੌਰਾਨ 3 ਅਕਤੂਬਰ ਨੂੰ ਮੈਜਿਸਟਿਕ ਸਿਨੇਮਾ ਦੇ ਮਾਲਕਾਂ ਨੇ ਮੰਗਾਂ ਮੰਨ ਲਈਆਂ ਤੇ ਵਿਦਿਆਰਥੀਆਂ ਨੇ ਇਸ ਸਿਨੇਮਾ ਖ਼ਿਲਾਫ਼ ਅੰਦੋਲਨ ਵਾਪਸ ਲੈ ਲਿਆ। 4 ਅਕਤੂਬਰ 1972 ਨੂੰ ਵਿਦਿਆਰਥੀਆਂ ਨੇ ਮੁੜ ਰੀਗਲ ਸਿਨੇਮਾ ਅੱਗੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਤੇ ਇਸ ਮੌਕੇ ਸਿਨੇਮਾ ਮਾਲਕਾਂ ਦੀ ਮਦਦ ਲਈ ਆਏ ਗੁੰਡਾ ਅਨਸਰਾਂ ਨੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ, ਜਦੋਂ ਪੁਲਿਸ ਨੇ ਗੁੰਡਾ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ‘ਚ ਢਿੱਲ ਵਰਤੀ, ਤਾਂ ਵਿਦਿਆਰਥੀ ਰੋਹ ਭੜਕ ਉੱਠਿਆ। 5 ਅਕਤੂਬਰ ਨੂੰ ਵਿਦਿਆਰਥੀਆਂ ਨੇ ਰੀਗਲ ਸਿਨੇਮਾ ਅੱਗੇ ਧਰਨਾ ਦਿੱਤਾ।
ਪੁਲਿਸ ਨੇ ਟੀ-ਜੰਕਸ਼ਨ ਕੋਲ ਭੀੜ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੇਲਵੇ ਰੋਡ ਅਤੇ ਚੈਂਬਰ ਰੋਡ ਦੇ ਅਖੀਰ ‘ਤੇ ਕੀਤੀ ਗਈ ਗੋਲੀਬਾਰੀ ਬਦਲਾਖੋਰੀ ਵਾਲੀ ਸੀ। 5 ਅਕਤੂਬਰ ਦੀ ਗੋਲੀਬਾਰੀ ‘ਚ ਚਾਰ ਜਣੇ ਮਾਰੇ ਗਏ, ਜਿਨ੍ਹਾਂ ‘ਚ ਵਿਦਿਆਰਥੀ ਸਵਰਨ ਸਿੰਘ ਅਤੇ ਹਰਜੀਤ ਸਿੰਘ ਵਾਸੀ ਚੜਿੱਕ ਸਨ। ਰੀਗਲ ਸਿਨੇਮਾਘਰ ਨੂੰ 7 ਅਕਤੂਬਰ ਨੂੰ ਅੱਗ ਲਾ ਦਿੱਤੀ ਗਈ। ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਸ ਦਿਨ ਸ਼ਾਮ ਨੂੰ ਮੋਗਾ ਪੁੱਜੇ ਸਨ। ਪੰਜਾਬ ਸਰਕਾਰ ਨੇ ਫ਼ੌਰੀ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦਾ ਤਬਾਦਲਾ ਕਰ ਦਿੱਤਾ ਅਤੇ ਰੀਗਲ ਸਿਨੇਮਾਘਰ ਨੂੰ ਬੰਦ ਕਰ ਦਿੱਤਾ। ਅੰਦੋਲਨ ਹੋਰ ਭੜਕਣ ਤੋਂ ਰੋਕਣ ਲਈ ਸਕੂਲ ਕਾਲਜ ਬੰਦ ਕਰ ਦਿੱਤੇ ਗਏ। ਮਗਰੋਂ 10 ਜਨਵਰੀ 1974 ਨੂੰ ਲੁਧਿਆਣਾ ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਸਕੱਤਰੇਤ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਪੁਲਿਸ ਨਾਲ ਝੜਪ ਹੋ ਗਈ। 117 ਵਿਦਿਆਰਥੀ ਗ੍ਰਿਫ਼ਤਾਰ ਕਰ ਲਏ ਗਏ। ਜ਼ਿਲ੍ਹਾ ਮੈਜਿਸਟਰੇਟ ਫ਼ਰੀਦਕੋਟ ਨੇ 7 ਦਸੰਬਰ 1972 ਨੂੰ ਰੀਗਲ ਸਿਨੇਮਾ ‘ਚ ਸ਼ੋਅ ਦਿਖਾਉਣ ਦੀ ਮਨਾਹੀ ਕਰ ਦਿੱਤੀ। 21 ਮਾਰਚ 1986 ਨੂੰ ਪੰਜਾਬ ਸਰਕਾਰ ਨੇ ਸਿਨੇਮਾ ਦੀ ਪੂਰੀ ਜਗ੍ਹਾ ਐਕੁਆਇਰ ਕਰ ਲਈ। ਵਿਦਿਆਰਥੀ ਜਥੇਬੰਦੀ ਦੀ ਮੰਗ ‘ਤੇ ਮੋਗਾ ਕਾਂਡ ‘ਚ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ‘ਚ ਰੀਗਲ ਸਿਨੇਮਾ ਦੀ ਥਾਂ ‘ਤੇ ਯਾਦਗਾਰੀ ਲਾਇਬ੍ਰੇਰੀ ਬਣਾਈ ਗਈ।
ਪੀ.ਐੱਸ.ਯੂ. ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੀ ਲਹਿਰ ‘ਚ ਮੋਹਰੀ ਰਹੀਆਂ। ਪੀ.ਐੱਸ.ਯੂ. (ਰੰਧਾਵਾ) ਦੇ ਸਾਬਕਾ ਪ੍ਰਧਾਨ ਪਾਵੇਲ ਕੁੱਸਾ ਆਖਦੇ ਹਨ ਕਿ ਪੁਰਾਣੇ ਸਮਿਆਂ ‘ਚ ਵਿਦਿਆਰਥੀ ਲਹਿਰ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਹੁਣ ‘ਜੈੱਨ-ਜ਼ੀ’ ਦੀ ਜਿੱਤ ਮਗਰੋਂ ਵੀ ਵਿਦਿਆਰਥੀ ਲਹਿਰ ਲਈ ਰਾਹ ਮੋਕਲਾ ਹੋਇਆ ਹੈ ਅਤੇ ਇਸ ਨਾਲ ਉਚੇਰੀ ਸਿੱਖਿਆ ਦੇ ਅਦਾਰਿਆਂ ‘ਚ ਮਾਹੌਲ ਵੀ ਬੱਝੇਗਾ।
ਪੀ.ਐੱਸ.ਯੂ. ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਆਖਦੇ ਹਨ ਕਿ ਲੰਮੇ ਅਰਸੇ ਤੋਂ ਵਿਦਿਆਰਥੀ ਲਹਿਰ ‘ਚ ਆਈ ਖੜੋਤ ਤੋੜਨ ‘ਚ ਦਿੱਲੀ ਦਾ ਅੰਦੋਲਨ ਸਹਾਈ ਹੋਵੇਗਾ। ਆਪ ਮੁਹਾਰੇ ਜੁੜੇ ਅੰਦੋਲਨ ਦੀ ਜਿੱਤ ਹੁਣ ਪੰਜਾਬ ਦੇ ਵਿਦਿਆਰਥੀ ਵਰਗ ‘ਚ ਹੌਂਸਲਾ ਭਰੇਗੀ ਅਤੇ ਲੜਨ ਵੱਲ ਪ੍ਰੇਰਿਤ ਕਰੇਗੀ।
ਮੋਗਾ ਘਟਨਾ ਤੋਂ ਭੜਕੇ ਵਿਦਿਆਰਥੀਆਂ ਨੇ ਸਰਕਾਰੀ ਤੇ ਪ੍ਰਾਈਵੇਟ ਮਸ਼ੀਨਰੀ ‘ਤੇ ਹੱਲੇ ਬੋਲੇ ਸਨ। ਫ਼ਿਰੋਜ਼ਪੁਰ ‘ਚ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ ਸਾੜ ਦਿੱਤੀਆਂ ਸਨ। ਕਪੂਰਥਲਾ ‘ਚ ਪ੍ਰਾਈਵੇਟ ਬੱਸ ਤੋਂ ਇਲਾਵਾ ਸਿਨੇਮਾਘਰ ਨੂੰ ਨਿਸ਼ਾਨਾ ਬਣਾਇਆ ਗਿਆ। ਫ਼ਰੀਦਕੋਟ ‘ਚ 6.09 ਲੱਖ ਦੀ ਸਰਕਾਰੀ ਅਤੇ 9.19 ਲੱਖ ਦੀ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਇਆ। 1972 ‘ਚ ਪੰਜਾਬ ਦੇ 12 ਜ਼ਿਲ੍ਹਿਆਂ ‘ਚ 100 ਥਾਵਾਂ ‘ਤੇ ਟਕਰਾਅ ਹੋਏ।
ਦਿੱਲੀ ਵਿਦਿਆਰਥੀ ਅੰਦੋਲਨ ਮਗਰੋਂ ਮੋਗੇ ਦੇ ਰੀਗਲ ਸਿਨੇਮਾ ਕਾਂਡ ਦੀ ਯਾਦ ਮੁੜ ਤਾਜ਼ਾ ਹੋਈ

