#EUROPE

ਪੱਛਮੀ ਏਸ਼ੀਆ ਵਿਚ ਅਮਨ ਬਹਾਲੀ ਲਈ ਸਵਿਟਜ਼ਰਲੈਂਡ ‘ਚ ਉੱਚ ਪੱਧਰੀ ਵਾਰਤਾ ਸ਼ੁਰੂ

ਅਮਰੀਕਾ ਇਰਾਨ ਨਾਲ ਰਿਸ਼ਤੇ ਸੁਧਾਰਨ ਲਈ ਤਿਆਰ: ਜੇ.ਡੀ. ਵੈਂਸ
ਬਰਜਨਸਟੌਕ (ਸਵਿਟਜ਼ਰਲੈਂਡ), 22 ਜੂਨ (ਪੰਜਾਬ ਮੇਲ)- ਪੱਛਮੀ ਏਸ਼ੀਆ ਵਿਚ ਅਮਨ ਬਹਾਲੀ ਲਈ ਸਵਿਟਜ਼ਰਲੈਂਡ ਦੇ ਬੁਰਜਨਸਟੌਕ ‘ਚ ਅਮਰੀਕਾ ਅਤੇ ਇਰਾਨ ਦੇ ਉੱਚ ਪੱਧਰੀ ਵਫ਼ਦਾਂ ਵਿਚਾਲੇ ‘ਲੇਕ ਲੂਸਰਨ ਸੰਮੇਲਨ’ ਤਹਿਤ ਵਾਰਤਾ ਸ਼ੁਰੂ ਹੋ ਗਈ ਹੈ। ਇਸ ਉੱਚ ਪੱਧਰੀ ਵਾਰਤਾ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸਾਫ਼ ਕੀਤਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਪੂਰੇ ਖੇਤਰ ਵਿਚ ਜੰਗਬੰਦੀ ਲਾਗੂ ਕਰਨ ਲਈ ਵਚਨਬੱਧ ਹਨ। ਵੈਂਸ ਨੇ ਮੰਨਿਆ ਕਿ ਜ਼ਮੀਨੀ ਪੱਧਰ ਉੱਤੇ ਕੁਝ ਅੜਿੱਕੇ ਜ਼ਰੂਰ ਹਨ, ਪਰ ਖੇਤਰ ਵਿਚ ਸਥਿਰਤਾ ਲਿਆਉਣ ਦੀ ਕੋਸ਼ਿਸ਼ ਸਹੀ ਦਿਸ਼ਾ ਵੱਲ ਵਧ ਰਹੀ ਹੈ। ਬਹੁ-ਧਿਰੀ ਸਮਝੌਤੇ ਲਾਗੂ ਕਰਨਾ ਹਮੇਸ਼ਾ ਗੁੰਝਲਦਾਰ ਹੁੰਦਾ ਹੈ ਅਤੇ ਜੰਗਬੰਦੀ ਵਿਚ ਥੋੜ੍ਹੀ ਖਿੱਚੋਤਾਣ ਵੀ ਸੁਭਾਵਕ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਪਿਛਲੇ ਕੁਝ ਦਿਨਾਂ ਦੌਰਾਨ ਲੈਬਨਾਨ ਵਿਚ ਜੰਗਬੰਦੀ ਕਾਇਮ ਰੱਖਣ ਪੱਖੋਂ ਵੱਡੀ ਕਾਮਯਾਬੀ ਮਿਲੀ ਹੈ, ਜੋ ਖੇਤਰ ਵਿਚ ਸ਼ਾਂਤੀ ਲਈ ਅਹਿਮ ਸ਼ਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਫ਼ੌਜੀ ਟਕਰਾਅ ਦੀ ਥਾਂ ਗੱਲਬਾਤ ਨੂੰ ਤਰਜੀਹ ਦਿੰਦਾ ਹੈ। ਇਸ ਮੀਟਿੰਗ ਤੋਂ ਪਹਿਲਾਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਜੇ ਇਰਾਨ ਖੇਤਰੀ ਅਸਥਿਰਤਾ ਫੈਲਾਉਣੀ ਬੰਦ ਕਰੇ ਅਤੇ ਪਰਮਾਣੂ ਪ੍ਰੋਗਰਾਮ ਛੱਡ ਦੇਵੇ, ਤਾਂ ਅਮਰੀਕਾ ਤਹਿਰਾਨ ਨਾਲ ਆਪਣੇ ਲੰਮੇ ਸਮੇਂ ਤੋਂ ਤਣਾਅਪੂਰਨ ਚੱਲ ਰਹੇ ਸਬੰਧ ਪੂਰੀ ਤਰ੍ਹਾਂ ਬਦਲਣ ਲਈ ਤਿਆਰ ਹੈ। ਉਨ੍ਹਾਂ ਇਸ ਮੀਟਿੰਗ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਪਹਿਲਾਂ ਕਦੇ ਇੰਨੇ ਉੱਚ ਪੱਧਰ ‘ਤੇ ਨਹੀਂ ਮਿਲੀ। ਉੱਧਰ, ਇਰਾਨੀ ਕੂਟਨੀਤਕ ਇਸਮਾਈਲ ਬਗ਼ਾਈ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ ਸਾਰੇ ਮੋਰਚਿਆਂ ‘ਤੇ ਜੰਗ ਦਾ ਖ਼ਾਤਮਾ ਜ਼ਰੂਰੀ ਹੈ, ਜਿਸ ਤੋਂ ਬਿਨਾਂ ਅੰਤਿਮ ਸਮਝੌਤੇ ਲਈ ਅਗਲੇ ਪੜਾਅ ਵਿਚ ਦਾਖ਼ਲ ਹੋਣਾ ਮੁਮਕਿਨ ਨਹੀਂ ਹੈ। ਅਮਰੀਕੀ ਵਫ਼ਦ ਦੀ ਅਗਵਾਈ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇਰਾਨੀ ਵਫ਼ਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲੀਬਾਫ਼ ਕਰ ਰਹੇ ਹਨ। ਚਰਚਾ ਵਿਚ ਅਮਰੀਕਾ ਵੱਲੋਂ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਸਲਾਹਕਾਰ ਜੇਅਰੇਡ ਕੁਸ਼ਨਰ ਸ਼ਾਮਲ ਹਨ; ਇਰਾਨ ਵੱਲੋਂ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਅਤੇ ਕੂਟਨੀਤਕ ਇਸਮਾਈਲ ਬਗ਼ਾਈ ਹਿੱਸਾ ਲੈ ਰਹੇ ਹਨ। ਪਾਕਿਸਤਾਨ ਦੇ ਰੱਖਿਆ ਬਲਾਂ ਦੇ ਮੁਖੀ ਆਸਿਮ ਮੁਨੀਰ ਵੀ ਇਸ ਵਿਚ ਮੌਜੂਦ ਹਨ। ਇਹ ਕੂਟਨੀਤਕ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਾਲੇ 17 ਜੂਨ ਨੂੰ ਹੋਏ ਮੁਢਲੇ ਸਮਝੌਤੇ ਦੇ ਆਧਾਰ ਉੱਤੇ ਹੋ ਰਹੀ ਹੈ।