ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਮਾਰਕੋ ਰੂਬੀਓ, ਐੱਸ. ਜੈਸ਼ੰਕਰ, ਪੈਨੀ ਵੋਂਗ ਅਤੇ ਤੋਸ਼ੀਮਿਤਸੂ ਮੋਟੇਗੀ ਨੇ ਕਵਾਡ ਦੇਸ਼ਾਂ ਦੀ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਇੰਡੋ-ਪੈਸਿਫਿਕ ਖੇਤਰ ਦੀ ਸੁਰੱਖਿਆ, ਊਰਜਾ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ।
ਭਾਰਤ ਵਿਚ ਹੋਈ ਇਸ ਮੀਟਿੰਗ ਦੌਰਾਨ ਚਾਰੇ ਦੇਸ਼ਾਂ ਨੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਵਿਚ ਸਮੁੰਦਰੀ ਵਪਾਰ ਅਤੇ ਆਵਾਜਾਈ ਨੂੰ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਸਟਰੇਟ ਆਫ ਹੋਮਰੁਜ਼ ਵਿਚ ਚੱਲ ਰਹੇ ਤਣਾਅ ਅਤੇ ਇਰਾਨ ਸੰਬੰਧੀ ਹਾਲਾਤਾਂ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਕਵਾਡ ਦੇਸ਼ ਸਮੁੰਦਰੀ ਨਿਗਰਾਨੀ, ਲਾਜਿਸਟਿਕ ਨੈੱਟਵਰਕ, ਸਮੁੰਦਰ ਦੇ ਹੇਠਾਂ ਕੇਬਲ, ਸਿਖਲਾਈ ਅਤੇ ਮਾਨਵਤਾਵਾਦੀ ਸਹਾਇਤਾ ਵਿਚ ਸਹਿਯੋਗ ਹੋਰ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ”ਅੱਤਵਾਦ ਖ਼ਿਲਾਫ਼ ਜ਼ੀਰੋ ਟੋਲਰੈਂਸ” ਦੀ ਨੀਤੀ ਜਾਰੀ ਰਹੇਗੀ ਅਤੇ ਹਰ ਦੇਸ਼ ਨੂੰ ਆਪਣੀ ਰੱਖਿਆ ਦਾ ਅਧਿਕਾਰ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਕਵਾਡ ਹੁਣ ”Quad Ports of the Future Partnership” ਸ਼ੁਰੂ ਕਰ ਰਿਹਾ ਹੈ, ਜਿਸ ਤਹਿਤ ਫਿਜ਼ੀ ਵਿਚ ਬੰਦਰਗਾਹ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਰਾਨ ਵੱਲੋਂ ਸਟਰੇਟ ਆਫ ਹੋਮਰੁਜ਼ ਬੰਦ ਕਰਨ ਦੀ ਸੰਭਾਵਨਾ ਕਾਰਨ ਊਰਜਾ ਸੁਰੱਖਿਆ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ।
ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਟੇਗੀਨੇ ਕਿਹਾ ਕਿ ਕਵਾਡ ਦੇਸ਼ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਾਲ ਵਰਤਮਾਨ ਸਥਿਤੀ ਬਦਲਣ ਦੀ ਕੋਸ਼ਿਸ਼ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਨੌਰਥ ਕੋਰੀਆ ਦੇ ਮਿਸਾਈਲ ਅਤੇ ਪਰਮਾਣੂ ਪ੍ਰੋਗਰਾਮ ‘ਤੇ ਵੀ ਚਿੰਤਾ ਜਤਾਈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਕਵਾਡ ਹੁਣ ਸਿਰਫ਼ ਗੱਲਬਾਤ ਦਾ ਮੰਚ ਨਹੀਂ ਰਹੇਗਾ, ਸਗੋਂ ”ਪਾਰਨਰਸ਼ਿਪ ਆਫ ਐਕਸ਼ਨ” ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਇੰਡੋ-ਪੈਸੀਫਿਕ ਮੈਰੀਟਾਈਮ ਸਰਵੀਲੈਂਸ ਇਨੀਸ਼ੀਏਟਿਵ, ਕ੍ਰਿਟੀਕਲ ਮਿਨਰਲਜ਼ ਫਰੇਮਵਰਕ ਅਤੇ ਇੰਡੋ-ਪੈਸੀਫਿਕ ਐਨਰਜੀ ਸਕਿਓਰਿਟੀ ਇਨੀਸ਼ੀਏਟਿਵ ਵਰਗੇ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ।
ਮਾਰਕੋ ਰੂਬੀਓ ਨੇ ਕਿਹਾ ਕਿ ਦੁਨੀਆਂ ਦੇ ਲਗਭਗ 60 ਫੀਸਦੀ ਸਮੁੰਦਰੀ ਵਪਾਰ ਦਾ ਰਸਤਾ ਇੰਡੋ-ਪੈਸਿਫਿਕ ਖੇਤਰ ਵਿਚੋਂ ਲੰਘਦਾ ਹੈ, ਇਸ ਲਈ ਇਸ ਖੇਤਰ ਦੀ ਸੁਰੱਖਿਆ ਸਿਰਫ ਕਵਾਡ ਦੇਸ਼ਾਂ ਹੀ ਨਹੀਂ, ਸਗੋਂ ਪੂਰੀ ਦੁਨੀਆਂ ਲਈ ਮਹੱਤਵਪੂਰਨ ਹੈ।
ਕਵਾਡ ਦੇਸ਼ਾਂ ਦੀ ਵੱਡੀ ਮੀਟਿੰਗ ਦੌਰਾਨ ਇੰਡੋ-ਪੈਸਿਫਿਕ ਸੁਰੱਖਿਆ, ਊਰਜਾ ਅਤੇ ਸਮੁੰਦਰੀ ਵਪਾਰ ਮਜ਼ਬੂਤ ਕਰਨ ਦਾ ਐਲਾਨ

