#CANADA

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਬਹੁਮਤ ਦੇ ਹੋਰ ਨੇੜੇ ਪੁੱਜੀ

-ਤਿੰਨੇ ਉਪ ਚੋਣਾਂ ‘ਚ ਲਿਬਰਲ ਪਾਰਟੀ ਨੂੰ ਮਿਲ ਸਕਦਾ ਹੈ ਬਹੁਮਤ
ਵੈਨਕੂਵਰ, 19 ਫਰਵਰੀ (ਪੰਜਾਬ ਮੇਲ)- ਕੈਨੇਡਾ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਸਰਕਾਰ ਵਿਚ ਇਕ ਹੋਰ ਮੁੱਖ ਵਿਰੋਧੀ ਪਾਰਟੀ ਦਾ ਸੰਸਦ ਮੈਂਬਰ ਸ਼ਾਮਲ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਇੱਕ ਹੋਰ ਮੈਂਬਰ ਪਾਰਲੀਮੈਂਟ ਮੈਂਬਰ ਵਲੋਂ ਪਾਰਟੀ ਬਦਲਣ ਦਾ ਐਲਾਨ ਕਰਨ ਦੇ ਨਾਲ 343 ਮੈਂਬਰੀ ਹਾਊਸ ਆਫ ਕਾਮਨ ‘ਚ ਲਿਬਰਲ ਪਾਰਟੀ ਮੈਂਬਰਾਂ ਦੀ ਗਿਣਤੀ 169 ਹੋ ਗਈ ਹੈ, ਬੇਸ਼ੱਕ ਮਾਰਕ ਕਾਰਨੀ ਸਰਕਾਰ ਨੂੰ ਸਪਸ਼ਟ ਬਹੁਮੱਤ ਲਈ 172 ਮੈਂਬਰਾਂ ਦੀ ਜ਼ਰੂਰਤ ਹੈ ਪਰ ਲਿਬਰਲਾਂ ਵਲੋਂ ਅਪ੍ਰੈਲ ਮਹੀਨੇ ਜਿੱਤੀਆਂ ਤਿੰਨ ਸੀਟਾਂ ਖਾਲੀ ਹੋਣ ਅਤੇ ਉੱਥੇ ਉਪ ਚੋਣਾਂ ‘ਚ ਲਿਬਰਲਾਂ ਦੇ ਜਿੱਤਣ ਦੀਆਂ ਕਿਆਸਰਾਈਆਂ ਜੇ ਸੱਚ ਹੋਈਆਂ ਤਾਂ ਅਗਲੇ ਮਹੀਨੇ ਲਿਬਰਲ ਸਰਕਾਰ ਸਪੱਸ਼ਟ ਬਹੁਮਤ ਹਾਸਲ ਕਰ ਸਕਦੀ ਹੈ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਟੋਰੀਆਂ ਵਾਲੀ ਟੋਪੀ ਲਾਹ ਕੇ ਲਿਬਰਲਾਂ ਵੱਲ ਆਏ ਤਿੰਨਾਂ ‘ਚੋਂ 2 ਸੰਸਦ ਮੈਂਬਰ ਅਲਬਰਟਾ ਸੂਬੇ ਵਿਚੋਂ ਹਨ। ਟੋਰੀਆਂ ਨੇ ਕਈ ਸਾਲਾਂ ਤੋਂ ਅਲਬਰਟਾ ਵਿਚ ਲਿਬਰਲਾਂ ਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਟੁੱਟ-ਭੱਜ ਨੇ ਲਿਬਰਲ ਆਗੂਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ।
ਕੰਜ਼ਰਵੇਟਿਵ ਐੱਮ.ਪੀ. ਮੈਟ ਜੈਨਰੌਕਸ ਦੇ ਪਾਰਟੀ ਬਦਲਣ ਦੇ ਐਲਾਨ ਨੇ ਸਿਆਸੀ ਹਲਕਿਆਂ ਵਿਚ ਬਹੁਤੀ ਹਿੱਲਜੁਲ ਨਹੀਂ ਕੀਤੀ। ਉਨ੍ਹਾਂ ਕਿਹਾ, ‘ਕੈਨੇਡਾ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਿੱਝ ਕੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਮੈਂ ਮਾਰਕ ਕਾਰਨੀ ਸਰਕਾਰ ਨਾਲ ਸਹਿਯੋਗ ਕਰਾਂਗਾ।’ ਕੰਜ਼ਰਵੇਟਿਵ ਆਗੂ ਪੀਅਰੇ ਪੋਲਿਵਰ ਨੇ ਉਸ ਦੀ ਦਲਬਦਲੀ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ। ਇਸ ਤੋਂ ਪਹਿਲਾਂ ਕਰਿਸ ਐਟਰਮੌਂਟ ਨੇ ਨਵੰਬਰ ਵਿਚ ਅਤੇ ਮਾਈਕਲ ਮਾ ਨੇ ਦਸੰਬਰ ਵਿਚ ਪਾਸਾ ਬਦਲਿਆ ਸੀ। ਤਿੰਨਾਂ ਦੇ ਆਉਣ ਤੋਂ ਬਾਅਦ ਵੀ ਹਾਊਸ ਵਿਚ ਲਿਬਰਲ ਪਾਰਟੀ ਮੈਬਰਾਂ ਦੀ ਗਿਣਤੀ ਉਹੀ 169 ਹੀ ਹੈ, ਜੋ 29 ਅਪ੍ਰੈਲ ਨੂੰ ਨਿਕਲੇ ਚੋਣ ਨਤੀਜਿਆਂ ਮੌਕੇ ਸੀ। ਲਿਬਰਲ ਪਾਰਟੀ ਦੇ ਦੋ ਐੱਮ.ਪੀ. ਬਿਲ ਬਲੇਅਰ ਅਤੇ ਕ੍ਰਿਸਟੀਆ ਫਰੀਲੈਂਡ ਨੂੰ ਵਿਦੇਸ਼ੀ ਨਿਯੁਕਤੀਆਂ ਕਾਰਨ ਮੈਂਬਰੀ ਤੋਂ ਅਸਤੀਫੇ ਦੇਣੇ ਪਏ ਤੇ ਕਿਊਬਕ ਤੋਂ ਇੱਕ ਵੋਟ ਦੇ ਫਰਕ ਨਾਲ ਜਿੱਤਣ ਵਾਲੇ ਲਿਬਰਲ ਉਮੀਦਵਾਰ ਦੀ ਚੋਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਸੀ। ਇੰਜ ਅਗਲੇ ਮਹੀਨੇ ਇਨ੍ਹਾਂ ਤਿੰਨਾਂ ਸੀਟਾਂ ‘ਤੇ ਹੋਣ ਵਾਲੀ ਉਪ ਚੋਣ ਵਿਚ ਤਿੰਨੇ ਸੀਟਾਂ ਲਿਬਰਲਾਂ ਦੀ ਝੋਲੀ ਪੈਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ। ਜੇਕਰ ਇੰਜ ਹੋ ਗਿਆ, ਤਾਂ ਮਾਰਕ ਕਾਰਨੀ ਸਰਕਾਰ ਸਪੱਸ਼ਟ ਬਹੁਮਤ ਵਿਚ ਹੋ ਜਾਵੇਗੀ। ਕੰਜ਼ਰਵੇਟਿਵ ਪਾਰਟੀ ਕੋਲ ਇਸ ਵੇਲੇ 141 ਸੀਟਾਂ ਹਨ, ਕਿਊਬਕ ਵਾਲਿਆਂ ਕੋਲ 22, ਐੱਨ.ਡੀ.ਪੀ. ਕੋਲ 7 ਤੇ ਇੱਕ ਸੀਟ ਗਰੀਨ ਪਾਰਟੀ ਕੋਲ ਹੈ। ਕੈਨੇਡਿਆਈ ਸਿਆਸਤ ਨੂੰ ਨੇੜਿਓਂ ਤੱਕਣ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਮਾਰਕ ਕਾਰਨੀ ਵਲੋਂ ਅਮਰੀਕਨ ਟੈਰਿਫ ਵਿਰੁੱਧ ਚਲਾਈ ਆਲਮੀ ਮੁਹਿੰਮ ਵਿਚ ਉਹ ਸਫਲ ਰਹਿੰਦੇ ਹਨ ਤਾਂ ਹਾਊਸ ਵਿਚ ਲਿਬਰਲਾਂ ਦੇ ਹੱਥ ਹੋਰ ਮਜ਼ਬੂਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।