#AMERICA

ਫੀਨਿਕਸ (ਐਰੀਜ਼ੋਨਾ) ਵਿਖੇ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਅਤੇ ਆਤਮ ਰਸ ਕੀਰਤਨ ਦਰਬਾਰ ਸੰਪੰਨ

ਫੀਨਿਕਸ, 18 ਫਰਵਰੀ (ਪੰਜਾਬ ਮੇਲ)- ਫੀਨਿਕਸ (ਐਰੀਜ਼ੋਨਾ) ਦੇ ਗੁਰੂ ਘਰ ਸ੍ਰੀ ਗੁਰੂ ਨਾਨਕ ਦਵਾਰਾ ਸਾਹਿਬ ਜੀ ਦੀ ਮੈਨੇਜਮੈਂਟ ਕਮੇਟੀ, ਹਜ਼ੂਰੀ ਰਾਗੀ  ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਦਿੱਲੀ ਵਾਲੇ, ਭਾਈ ਹਰਵਿੰਦਰ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ ਘੱਗ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਅਤੇ ਕੀਰਤਨ ਦਰਬਾਰ ਯਾਦਗਾਰੀ ਚਿੰਨ੍ਹ ਛੱਡਦੇ ਹੋਏ ਸੰਪੰਨ ਹੋਇਆ। 13, 14, 15 ਫਰਵਰੀ ਦੇ ਦਿਨ ਫੀਨਿਕਸ ਵਾਸੀਆਂ ਵਾਸਤੇ ਯਾਦਗਾਰੀ ਦਿਨ ਹੋ ਨਿੱਬੜੇ। 14 ਫਰਵਰੀ ਦੇ ਦਿਨ ਛੋਟੇ ਬੱਚਿਆਂ ਦੀਆਂ ਰਵਾਇਤੀ ਖੇਡਾਂ ਅਤੇ ਗਤਕਾ ਕਰਵਾਇਆ ਗਿਆ, ਜਿਨ੍ਹਾਂ ਨੂੰ ਡਾਕਟਰ ਜੋਧਾ ਸਿੰਘ, ਬੀਬੀ ਗੁਰੂਕਿਰਨ ਕੌਰ ਅਤੇ ਬੀਬੀ ਗੁਰੂਦੇਵ ਕੌਰ ਹੋਰਾਂ ਨੇ ਸਿਖਲਾਈ ਦੇ ਕੇ ਨਿਪੁੰਨ ਕੀਤਾ ਸੀ। ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਪ੍ਰੰਪਰਾਵਾਂ ਅਤੇ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਾਸਤੇ ਇਹ ਅਤਿ ਜ਼ਰੂਰੀ ਅਤੇ ਸ਼ਲਾਘਾਯੋਗ ਕਦਮ ਹੈ ਅਤੇ ਸਮੇਂ ਦੀ ਲੋੜ ਸੀ। ਹਜ਼ੂਰੀ ਰਾਗੀ ਸਾਹਿਬਾਨ ਤੋਂ ਇਲਾਵਾ ਭਾਈ ਅਨੰਤਵੀਰ ਸਿੰਘ ਜੀ ਦਾ ਜਥਾ ਲਾਸ ਏਂਜਲਸ ਤੋਂ, ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਕਲਾਂ ਵਾਲੇ, ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਦਾ ਜੱਥਾ ਪੋਰਟਲੈਂਡ ਤੋਂ ਅਤੇ ਬੀਬੀ ਸਿਮਰਤ ਕੌਰ ਜੀ ਕੈਨੇਡਾ ਤੋਂ ਕੀਰਤਨ ਦਰਬਾਰ ਵਿਚ ਹਾਜ਼ਰੀਆਂ ਭਰਨ ਵਿਸ਼ੇਸ਼ ਤੌਰ ‘ਤੇ ਆਏ ਸਨ। ਕੀਰਤਨ ਦਰਬਾਰ ਦੇ ਅੰਤਿਮ ਦਿਨ ਜਿਸ ਦਿਨ ਸ਼ਹਿਰ ਦੇ ਹਫਤਾਵਾਰੀ ਦੀਵਾਨ ਦਾ ਵੀ ਦਿਹਾੜਾ ਹੁੰਦਾ ਹੈ, ਸਾਰੇ ਜਥਿਆਂ ਨੇ ਇਕੱਠੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਤਾਂ ਸੰਗਤਾਂ ਝੂਮ ਰਹੀਆਂ ਸਨ। ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਜਦ ਕੀਰਤਨ ਕਰਦੇ-ਕਰਦੇ ਵਾਹਿਗੁਰੂ-ਵਾਹਿਗੁਰੂ ਸਿਮਰਨ ਕਰਵਾਉਂਦੇ, ਤਾਂ ਬੈਕੁੰਠ ਧਾਮ ਵਿਚ ਹਾਜ਼ਰੀ ਭਰ ਰਹੇ ਹੋਣ ਦਾ ਭੁਲੇਖਾ ਪੈਂਦਾ। ਸਤਿਕਾਰਯੋਗ ਭਗਤ ਤ੍ਰਿਲੋਚਨ ਜੀ ਦਾ ਸ਼ਬਦ ”ਮਿਲ ਮੇਰੇ ਬੀਠੁਲਾ ਲੈ ਬਾਹੜੀ ਵਲਾਇ ਮਿਲ ਮੇਰੇ ਰਮਈਆ ਮੈ ਲੇਹਿ ਛਡਾਇ”, ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਵੱਲੋਂ ਗਾਇਨ ਕੀਤੀ ਭਾਈ ਨੰਦ ਲਾਲ ਜੀ ਦੀ ਵਾਰ ”ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਹਮ ਬੈਠੇ ਤੁਮ ਦੇਹੁ ਆਸੀਸਾ ਤੁਮ ਰਾਜਾ ਰਾਜਨ ਕੇ ਈਸਾ” ਦਾ ਸੰਗਤ ਨੇ ਸਾਹ ਰੋਕ ਕੇ ਆਨੰਦ ਮਾਣਿਆ। ਉਪਰੰਤ ਆਨੰਦ ਸਾਹਿਬ ਜੀ ਦੇ ਜਾਪ, ਅਰਦਾਸ, ਹੁਕਮਨਾਮਾ ਅਤੇ ਗੁਰੂ ਕੇ ਅਤੁੱਟ ਲੰਗਰ ਵਰਤੇ। ਦੁੱਧ ਵਿਚ ਪਕਾਈਆਂ ਸੇਵੀਆਂ ਅਤੇ ਉਨ੍ਹਾਂ ਵਿਚ ਰਲਾਈਆਂ ਸੋਹੀਆਂ ਜਲੇਬੀਆਂ ਨੇ ਪੰਜਾਬ ਵਿਚ ਬੈਠੇ ਹੋਣ ਦਾ ਅਹਿਸਾਸ ਕਰਵਾਇਆ।
-ਹਰਦੀਪ ਸਿੰਘ ਸੋਢੀ ਨਡਾਲਾ
ਫੀਨਿਕਸ : 480-794-0325