-ਪ੍ਰਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਮੰਗ
ਅੰਮ੍ਰਿਤਸਰ, 18 ਫਰਵਰੀ (ਪੰਜਾਬ ਮੇਲ)- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ, ਗੁਰੂ ਰਾਮ ਦਾਸ ਫਾਊਂਡੇਸ਼ਨ (ਯੂਐਸਏ) ਅਤੇ ਸੇਵਾ ਟਰੱਸਟ ਯੂ.ਕੇ. ਨੇ ਸਾਂਝੇ ਤੌਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਨਾਂਦੇੜ ਦਰਮਿਆਨ ਸਿੱਧੀ ਉਡਾਣ ਜਲਦ ਸ਼ੁਰੂ ਕਰਨ ਲਈ ਦਖਲ ਦੇਣ ਦੀ ਮੰਗ ਕੀਤੀ ਹੈ।

ਇਸ ਸਾਂਝੇ ਪੱਤਰ ਨੂੰ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਕੈਨੇਡਾ ਤੋਂ ਮੰਚ ਦੇ ਓਵਰਸੀਜ਼ ਸਕੱਤਰ ਅਨੰਤਦੀਪ ਸਿੰਘ ਢਿੱਲੋਂ, ਅਮਰੀਕਾ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਗੁਰੂ ਰਾਮਦਾਸ ਫਾਉਂਡੇਸ਼ਨ (ਅਮਰੀਕਾ) ਦੇ ਡਾਇਰੈਕਟਰ ਅਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਵਿੰਦਰ ਸਿੰਘ ਜੀ ਅਤੇ ਸੇਵਾ ਟਰੱਸਟ ਯੂ.ਕੇ. ਅਤੇ ਇੰਡੀਆ ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐੱਮ.ਬੀ.ਈ. ਵੱਲੋਂ ਪੰਜਾਬ ਅਤੇ ਵਿਸ਼ਵ ਭਰ ਵਿਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਸਾਂਝੀ ਅਵਾਜ਼ ਦੀ ਤਰਜਮਾਨੀ ਕਰਦੇ ਹੋਏ ਜਾਰੀ ਕੀਤਾ ਗਿਆ ਹੈ।
ਪੱਤਰ ਵਿਚ ਇਨ੍ਹਾਂ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਵਾਈ ਸੰਪਰਕ ਵਿਚ ਹੋਏ ਮਹੱਤਵਪੂਰਨ ਸੁਧਾਰਾਂ ਲਈ ਧੰਨਵਾਦ ਪ੍ਰਗਟਾਇਆ ਹੈ।

ਇਸ ਪੱਤਰ ਵਿਚ ਨਵੰਬਰ 2024 ‘ਚ ਮਹਾਰਾਸ਼ਟਰ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਰੋਸੇ ਦਾ ਹਵਾਲਾ ਦਿੱਤਾ ਗਿਆ ਹੈ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ ਸੀ ਕਿ ਜਿੱਥੇ ਨਾਂਦੇੜ-ਆਦਮਪੁਰ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ ਸਿੱਖ ਸੰਗਤ ਜਲਦ ਹੀ ਨਾਂਦੇੜ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਲੈ ਸਕੇਗੀ। ਇਸ ਭਰੋਸੇ ਨੇ ਭਾਰਤ ਅਤੇ ਦੁਨੀਆਂ ਭਰ ਦੇ ਸ਼ਰਧਾਲੂਆਂ ਵਿਚ ਭਾਰੀ ਉਮੀਦ ਜਗਾਈ ਸੀ।

ਇਹ ਪ੍ਰਸਤਾਵਿਤ ਉਡਾਣ ਡੂੰਘੀ ਅਧਿਆਤਮਿਕ ਮਹੱਤਤਾ ਰੱਖਦੀ ਹੈ, ਕਿਉਂਕਿ ਇਹ ਸਿੱਖ ਕੌਮ ਦੇ ਦੋ ਸਭ ਤੋਂ ਪਵਿੱਤਰ ਤਖ਼ਤ ਸਾਹਿਬਾਨ—ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਅਤੇ ਤਖ਼ਤ ਸ੍ਰੀ ਅਬਚਲਨਗਰ ਹਜ਼ੂਰ ਸਾਹਿਬ (ਨਾਂਦੇੜ) ਨੂੰ ਜੋੜਦੀ ਹੈ। ਮੌਜੂਦਾ ਸਮੇਂ ਵਿਚ, ਸ਼ਰਧਾਲੂਆਂ, ਖਾਸ ਕਰਕੇ ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਸਿੱਧੀ ਹਵਾਈ ਸੇਵਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਅਰ ਇੰਡੀਆ ਦੀ ਸਾਲ 2018 ‘ਚ ਸ਼ੁਰੂ ਹੋਈ ਸਿੱਧੀ ਉਡਾਣ ਸਾਲ 2021 ‘ਚ ਨਾਂਦੇੜ ਦਾ ਹਵਾਈ ਅੱਡਾ ਬੰਦ ਹੋਣ ਕਰਕੇ ਰੱਦ ਕਰ ਦਿੱਤੀ ਗਈ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਦੇਸ਼ ਵਿਆਪੀ ਸਮਾਗਮਾਂ ਕਾਰਨ ਇਸ ਮੰਗ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ।

