#INDIA

ਬੇਅੰਤ ਸਿੰਘ ਕਤਲ ਕਾਂਡ : ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਟਲੀ

-ਪੰਜਾਬ ਜੇਲ੍ਹ ‘ਚ ਤਬਦੀਲੀ ਦੀ ਮੰਗ ਵਾਲੀ ਪਟੀਸ਼ਨ 11 ਮਾਰਚ ਤੱਕ ਮੁਲਤਵੀ
ਨਵੀਂ ਦਿੱਲੀ, 18 ਫਰਵਰੀ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ 11 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ।
ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਸਮਾਂ ਮੰਗੇ ਜਾਣ ਤੋਂ ਬਾਅਦ ਇਹ ਫੈਸਲਾ ਸੁਣਾਇਆ। ਭਾਈ ਹਵਾਰਾ, ਜੋ ਕਿ 1995 ਦੇ ਬੰਬ ਧਮਾਕੇ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੇ ਅਦਾਲਤ ਵਿਚ ਦਲੀਲ ਦਿੱਤੀ ਹੈ ਕਿ ਦਿੱਲੀ ਵਿਚ ਉਸ ਵਿਰੁੱਧ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ, ਇਸ ਲਈ ਉਸਨੂੰ ਉਸਦੇ ਜੱਦੀ ਸੂਬੇ ਪੰਜਾਬ ਵਿਚ ਭੇਜਿਆ ਜਾਣਾ ਚਾਹੀਦਾ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਈ ਹਵਾਰਾ ਪਿਛਲੇ 19 ਸਾਲਾਂ ਤੋਂ ਜੇਲ੍ਹ ਵਿਚ ਅਨੁਸ਼ਾਸਨ ਨਾਲ ਰਹਿ ਰਿਹਾ ਹੈ ਅਤੇ 2004 ਦੇ ਜੇਲ੍ਹ ਤੋੜਨ ਵਾਲੇ ਹਾਦਸੇ ਨੂੰ ਛੱਡ ਕੇ ਉਸ ਦਾ ਰਿਕਾਰਡ ਸਾਫ਼ ਹੈ। ਉਸ ਦੇ ਵਕੀਲ ਅਨੁਸਾਰ, ਭਾਈ ਹਵਾਰਾ ‘ਤੇ ਲਗਾਏ ਗਏ 36 ਮਾਮਲਿਆਂ ਵਿਚੋਂ ਉਹ ਲਗਭਗ ਸਾਰਿਆਂ ਵਿਚੋਂ ਬਰੀ ਹੋ ਚੁੱਕਾ ਹੈ।
ਪਟੀਸ਼ਨ ਵਿਚ ਪਰਿਵਾਰਕ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਬੇਟੀ ਪੰਜਾਬ ਵਿਚ ਹੈ ਅਤੇ ਮਾਂ ਗੰਭੀਰ ਹਾਲਤ ਵਿਚ ਹੈ।