#OTHERS

ਬੰਗਲਾਦੇਸ਼ ਚੋਣਾਂ ‘ਚ ਬੀ.ਐੱਨ.ਪੀ. ਦੀ ਇਤਿਹਾਸਕ ਜਿੱਤ

-ਪ੍ਰਧਾਨ ਮੰਤਰੀ ਮੋਦੀ ਵੱਲੋਂ ਤਾਰਿਕ ਰਹਿਮਾਨ ਨੂੰ ਵਧਾਈ
ਢਾਕਾ, 13 ਫਰਵਰੀ (ਪੰਜਾਬ ਮੇਲ)- ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਨੇ ਸ਼ੁੱਕਰਵਾਰ ਨੂੰ ਆਮ ਚੋਣਾਂ ਵਿਚ ਦੋ-ਤਿਹਾਈ ਬਹੁਮਤ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਨਤੀਜੇ ਨਾਲ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸੱਤਾ ਤੋਂ ਬੇਦਖ਼ਲੀ ਤੋਂ ਬਾਅਦ ਪੈਦਾ ਹੋਏ ਮਹੀਨਿਆਂ ਦੇ ਤਣਾਅ ਤੋਂ ਬਾਅਦ ਦੇਸ਼ ਵਿਚ ਸਥਿਰਤਾ ਆਉਣ ਦੀ ਉਮੀਦ ਹੈ।
ਘਰੇਲੂ ਟੀ.ਵੀ. ਚੈਨਲਾਂ ਅਨੁਸਾਰ ਬੀ.ਐੱਨ.ਪੀ. ਅਤੇ ਇਸਦੇ ਸਹਿਯੋਗੀਆਂ ਨੇ 299 ਵਿਚੋਂ ਘੱਟੋ-ਘੱਟ 212 ਸੀਟਾਂ ਜਿੱਤੀਆਂ ਹਨ, ਜਦੋਂ ਕਿ ਵਿਰੋਧੀ ਜਮਾਤ-ਏ-ਇਸਲਾਮੀ ਅਤੇ ਇਸਦੇ ਸਹਿਯੋਗੀਆਂ ਨੇ ‘ਜਾਤੀਆ ਸੰਸਦ’ (ਸੰਸਦ) ਵਿਚ 70 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। 20 ਸਾਲਾਂ ਬਾਅਦ ਸੱਤਾ ਵਿਚ ਵਾਪਸੀ ਕਰਨ ਵਾਲੀ ਬੀ.ਐੱਨ.ਪੀ. ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਦੇਸ਼ ਦੀ ਖੁਸ਼ਹਾਲੀ ਲਈ ਵਿਸ਼ੇਸ਼ ਪ੍ਰਾਰਥਨਾਵਾਂ ਦੀ ਅਪੀਲ ਕੀਤੀ ਹੈ, ਹਾਲਾਂਕਿ ਪਾਰਟੀ ਨੇ ਵੱਡੀ ਜਿੱਤ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੇ ਜਸ਼ਨ ਜਾਂ ਰੈਲੀ ‘ਤੇ ਰੋਕ ਲਗਾਈ ਹੈ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰਿਕ ਰਹਿਮਾਨ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਬੰਗਲਾਦੇਸ਼ ਦੇ ਲੋਕਾਂ ਦੇ ਉਨ੍ਹਾਂ ਦੀ ਅਗਵਾਈ ਵਿਚ ਭਰੋਸੇ ਨੂੰ ਦਰਸਾਉਂਦੀ ਹੈ। ਐਕਸ ‘ਤੇ ਇੱਕ ਪੋਸਟ ਵਿਚ ਪੀ.ਐੱਮ. ਮੋਦੀ ਨੇ ਲਿਖਿਆ, ”ਮੈਂ ਬੰਗਲਾਦੇਸ਼ ਵਿਚ ਸੰਸਦੀ ਚੋਣਾਂ ਵਿਚ ਬੀ.ਐੱਨ.ਪੀ. ਨੂੰ ਨਿਰਣਾਇਕ ਜਿੱਤ ਦਿਵਾਉਣ ਲਈ ਸ਼੍ਰੀ ਤਾਰਿਕ ਰਹਿਮਾਨ ਨੂੰ ਨਿੱਘੀ ਵਧਾਈ ਦਿੰਦਾ ਹਾਂ। ਇਹ ਜਿੱਤ ਤੁਹਾਡੀ ਅਗਵਾਈ ਵਿਚ ਬੰਗਲਾਦੇਸ਼ ਦੇ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ”ਭਾਰਤ ਇੱਕ ਲੋਕਤੰਤਰੀ, ਪ੍ਰਗਤੀਸ਼ੀਲ ਅਤੇ ਸੰਮਲਿਤ ਬੰਗਲਾਦੇਸ਼ ਦੇ ਸਮਰਥਨ ਵਿਚ ਖੜ੍ਹਾ ਰਹੇਗਾ। ਮੈਂ ਸਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਾਂਝੇ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
ਇਸ ਜਿੱਤ ਤੋਂ ਬਾਅਦ ਬੀ.ਐੱਨ.ਪੀ. ਆਗੂ ਤਾਰਿਕ ਰਹਿਮਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਪੂਰੀ ਸੰਭਾਵਨਾ ਹੈ। ਉਹ ਦਸੰਬਰ ਵਿਚ 18 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਢਾਕਾ ਵਾਪਸ ਪਰਤੇ ਸਨ। ਅਗਸਤ 2024 ਵਿਚ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅੰਤਰਿਮ ਮੁਖੀ ਵਜੋਂ ਕੰਮ ਕਰ ਰਹੇ ਸਨ। ਚੋਣਾਂ ਵਿਚ ਵੋਟਿੰਗ ਦੀ ਪ੍ਰਤੀਸ਼ਤਤਾ 60 ਫੀਸਦੀ ਤੋਂ ਵੱਧ ਰਹਿਣ ਦੀ ਉਮੀਦ ਹੈ।
ਦੂਜੇ ਪਾਸੇ ਜਮਾਤ-ਏ-ਇਸਲਾਮੀ ਦੇ ਮੁਖੀ ਸ਼ਫੀਕੁਰ ਰਹਿਮਾਨ ਨੇ ਹਾਰ ਸਵੀਕਾਰ ਕਰਦਿਆਂ ‘ਸਾਰਥਕ ਰਾਜਨੀਤੀ’ ਕਰਨ ਦਾ ਵਾਅਦਾ ਕੀਤਾ ਹੈ। ਚੋਣਾਂ ਦੇ ਨਾਲ-ਨਾਲ ਸੰਵਿਧਾਨਕ ਸੁਧਾਰਾਂ ‘ਤੇ ਰੈਫਰੈਂਡਮ ਵੀ ਕਰਵਾਇਆ ਗਿਆ, ਜਿਸ ਵਿਚ ਪ੍ਰਧਾਨ ਮੰਤਰੀ ਲਈ ਦੋ-ਟਰਮ ਦੀ ਸੀਮਾ ਅਤੇ ਨਿਰਪੱਖ ਅੰਤਰਿਮ ਸਰਕਾਰਾਂ ਵਰਗੇ ਬਦਲਾਅ ਸ਼ਾਮਲ ਹਨ। ਬੀ.ਐੱਨ.ਪੀ. ਦੀ ਇਹ ਜਿੱਤ 2001 ਦੀਆਂ 193 ਸੀਟਾਂ ਦੀ ਜਿੱਤ ਤੋਂ ਵੀ ਵੱਡੀ ਮੰਨੀ ਜਾ ਰਹੀ ਹੈ।