ਔਰੇਂਜਬਰਗ (ਅਮਰੀਕਾ), 13 ਫਰਵਰੀ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਇੱਕ ਰਿਹਾਇਸ਼ੀ ਕੰਪਲੈਕਸ ਵਿਚ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੂਰੀ ਯੂਨੀਵਰਸਿਟੀ ਵਿਚ ਲਗਭਗ ਅੱਠ ਘੰਟੇ ਤੱਕ ਲੌਕ ਕਰ ਦਿੱਤਾ ਗਿਆ, ਜਿਸ ਨੂੰ ਸ਼ੁੱਕਰਵਾਰ ਤੜਕੇ ਹਟਾਇਆ ਗਿਆ।
ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ, ਗੋਲੀਬਾਰੀ ਦੀ ਸੂਚਨਾ ਰਾਤ ਕਰੀਬ 9:15 ਵਜੇ ਮਿਲੀ, ਜਿਸ ਤੋਂ ਤੁਰੰਤ ਬਾਅਦ ਕੈਂਪਸ ਨੂੰ ਲੌਕਡਾਊਨ ਕਰ ਦਿੱਤਾ ਗਿਆ। ਇਹ ਲੌਕਡਾਊਨ ਸ਼ੁੱਕਰਵਾਰ ਸਵੇਰੇ 5 ਵਜੇ ਖਤਮ ਹੋਇਆ। ਫਿਲਹਾਲ ਮਾਰੇ ਗਏ ਵਿਅਕਤੀਆਂ ਦੀ ਪਛਾਣ ਅਤੇ ਜ਼ਖਮੀ ਦੀ ਹਾਲਤ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਯੂਨੀਵਰਸਿਟੀ ਵਿਚ ਭੋਜਨ ਦੀ ਡਿਲੀਵਰੀ ਕਰਨ ਆਈ ਕਾਇਆ ਮੈਕ ਨੇ ਦੱਸਿਆ ਕਿ ਉਸ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀਆਂ ਨੂੰ ਕੈਂਪਸ ਅੰਦਰ ਆਉਂਦੇ ਦੇਖਿਆ। ਉਨ੍ਹਾਂ ਕਿਹਾ ਕਿ ਪੁਲਿਸ ਦੇ ਸਾਇਰਨਾਂ ਦੀ ਆਵਾਜ਼ ਨੇ ਸਭ ਨੂੰ ਡਰਾ ਦਿੱਤਾ ਸੀ ਅਤੇ ਕੈਂਪਸ ਵਿਚ ਮੌਜੂਦ ਲੋਕ ਬੇਹੱਦ ਘਬਰਾਏ ਹੋਏ ਸਨ।
ਜ਼ਿਕਰਯੋਗ ਹੈ ਕਿ ਇਹ ਘਟਨਾ ਉਸੇ ਰਿਹਾਇਸ਼ੀ ਕੰਪਲੈਕਸ ਦੇ ਨੇੜੇ ਵਾਪਰੀ ਹੈ, ਜਿੱਥੇ ਪਿਛਲੇ ਸਾਲ 4 ਅਕਤੂਬਰ ਨੂੰ ‘ਹੋਮਕਮਿੰਗ’ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿਚ ਇੱਕ 19 ਸਾਲਾ ਮੁਟਿਆਰ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਸੀ। ਅਕਤੂਬਰ ਦੀਆਂ ਘਟਨਾਵਾਂ ਦੇ ਸਬੰਧ ਵਿਚ ਕਈ ਲੋਕਾਂ ਨੂੰ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਹੇਠ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਯੂਨੀਵਰਸਿਟੀ ਨੇ ਸਾਵਧਾਨੀ ਵਜੋਂ ਸ਼ੁੱਕਰਵਾਰ ਦੀਆਂ ਕਲਾਸਾਂ ਰੱਦ ਕਰ ਦਿੱਤੀਆਂ ਹਨ ਤੇ ਵਿਦਿਆਰਥੀਆਂ ਦੀ ਮਾਨਸਿਕ ਸਹਾਇਤਾ ਲਈ ਕੌਂਸਲਰਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਨੇ ਸਟੇਟ ਲਾਅ ਇਨਫੋਰਸਮੈਂਟ ਡਿਵੀਜ਼ਨ (ਐੱਸ.ਐੱਲ.ਈ.ਡੀ.) ਨੂੰ ਜਾਂਚ ਦੀ ਅਪੀਲ ਕੀਤੀ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਕੈਂਪਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਗਸ਼ਤ ਕਰ ਰਹੀਆਂ ਹਨ।
ਅਮਰੀਕਾ ਦੀ ਸਾਊਥ ਕੈਰੋਲੀਨਾ ਸਟੇਟ ਯੂਨੀਵਰਸਿਟੀ ‘ਚ ਗੋਲੀਬਾਰੀ, 2 ਦੀ ਮੌਤ

