ਨਿਊਯਾਰਕ, 30 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਰਸਤੇ ਅਮਰੀਕਾ ‘ਚ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ 22 ਸਾਲਾ ਭਾਰਤੀ ਨੌਜਵਾਨ ‘ਤੇ ਮੁਕੱਦਮਾ ਚਲਾਇਆ ਗਿਆ ਹੈ। ਸ਼ਿਵਮ ਨਾਮ ਦੇ ਇਸ ਨੌਜਵਾਨ ‘ਤੇ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਣ ਅਤੇ ਵਿੱਤੀ ਲਾਭ ਲਈ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੇ ਦੋਸ਼ ਤੈਅ ਕੀਤੇ ਗਏ ਹਨ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਵਿਚਕਾਰ ਦਾ ਹੈ। ਸ਼ਿਵਮ ਨਿਊਯਾਰਕ ਦੇ ਕਲਿੰਟਨ ਕਾਊਂਟੀ ਇਲਾਕੇ ਵਿਚ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਅਮਰੀਕਾ ਵਾੜਨ ਦਾ ਕੰਮ ਕਰਦਾ ਸੀ। ਜਨਵਰੀ 2025 ਵਿਚ ਅਮਰੀਕੀ ਸਰਹੱਦ ਸੁਰੱਖਿਆ ਬਲ (ਸੀ.ਬੀ.ਪੀ.) ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾਂ ਤੋਂ ਬਚਣ ਲਈ ਰਫ਼ਤਾਰ ਵਧਾ ਦਿੱਤੀ ਪਰ ਪਿੱਛਾ ਕਰਕੇ ਜਦੋਂ ਉਨ੍ਹਾਂ ਨੂੰ ਫੜਿਆ ਗਿਆ, ਤਾਂ ਉਨ੍ਹਾਂ ਵਿਚੋਂ 12 ਅਜਿਹੇ ਭਾਰਤੀ ਮਿਲੇ, ਜਿਨ੍ਹਾਂ ਕੋਲ ਅਮਰੀਕਾ ਦੇ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ।
ਸ਼ਿਵਮ ‘ਤੇ ਦੋਸ਼ ਹੈ ਕਿ ਉਹ ਨਿੱਜੀ ਫਾਇਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਉਨ੍ਹਾਂ ਨੂੰ ਸਰਹੱਦ ਪਾਰ ਕਰਵਾ ਰਿਹਾ ਸੀ। ਜੇਕਰ ਅਦਾਲਤ ਵਿਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਸ਼ਿਵਮ ਨੂੰ ਹਰੇਕ ਦੋਸ਼ ਲਈ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਸਰਹੱਦ ‘ਤੇ ਸਖ਼ਤੀ ਵਧਣ ਕਾਰਨ ਤਸਕਰਾਂ ਨੇ ਹੁਣ ਕੈਨੇਡਾ ਵਾਲੇ ਪਾਸਿਓਂ (ਉੱਤਰੀ ਸਰਹੱਦ) ਘੁਸਪੈਠ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਏਜੰਸੀਆਂ ਹੁਣ ਇਸ ਰੂਟ ‘ਤੇ ਵੀ ਤਿੱਖੀ ਨਜ਼ਰ ਰੱਖ ਰਹੀਆਂ ਹਨ।
ਕੈਨੇਡਾ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਘੁਸਪੈਠ ਕਰਨ ਵਾਲੇ ਭਾਰਤੀ ਨੌਜਵਾਨ ‘ਤੇ ਨਿਊਯਾਰਕ ਅਦਾਲਤ ‘ਚ ਚੱਲੇਗਾ ਮੁਕੱਦਮਾ

