ਪ੍ਰਧਾਨ ਮੰਤਰੀ ਦੇ ਵਤਨ ਪਰਤਣ ਦੀ ਉਡੀਕ, ਵਿਸ਼ਵ ਕੱਪ ਖੇਡਣ ਬਾਰੇ ਸਰਕਾਰ ਕਰੇਗੀ ਫੈਸਲਾ: ਮੋਹਸਿਨ ਨਕਵੀ
ਇਸਲਾਮਾਬਾਦ, 24 ਜਨਵਰੀ (ਪੰਜਾਬ ਮੇਲ)- ਆਈ.ਸੀ.ਸੀ. ਵੱਲੋਂ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਵਿਚ ਬਾਹਰ ਕੱਢਣ ਤੋਂ ਬਾਅਦ ਪਾਕਿਸਤਾਨ ਵੀ ਇਸ ਵਿਸ਼ਵ ਕੱਪ ਵਿਚੋਂ ਬਾਹਰ ਹੋ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਆਈ.ਸੀ.ਸੀ. ਨੇ ਬੰਗਲਾਦੇਸ਼ ਨਾਲ ਮਾੜੀ ਕੀਤੀ ਹੈ। ਉਹ ਵੀ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ, ਜੇ ਸਰਕਾਰ ਨੇ ਨਾਂਹ ਕਰ ਦਿੱਤੀ, ਤਾਂ ਪਾਕਿਸਤਾਨ ਵੀ ਇਹ ਟੂਰਨਾਮੈਂਟ ਨਹੀਂ ਖੇਡੇਗਾ।
ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ ਨਕਵੀ ਨੇ ਕਿਹਾ ਕਿ ਆਈ.ਸੀ.ਸੀ. ਵਲੋਂ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਭਾਰਤ ਅਤੇ ਸ੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਹੋਣ ‘ਤੇ ਮੁੜ ਵਿਚਾਰ ਕਰ ਸਕਦਾ ਹੈ।
ਜਦੋਂ ਉਨ੍ਹਾਂ ਤੋਂ ਟੂਰਨਾਮੈਂਟ ਦੇ ਸੰਭਾਵੀ ਬਾਈਕਾਟ ਬਾਰੇ ਪੁੱਛਿਆ ਗਿਆ, ਤਾਂ ਨਕਵੀ ਨੇ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਾਂ ਤੇ ਅੰਤਿਮ ਫੈਸਲਾ ਉਦੋਂ ਲਿਆ ਜਾਵੇਗਾ। ਪਾਕਿਸਤਾਨ ਨੂੰ ਪਹਿਲਾਂ ਹੀ ਆਈ.ਸੀ.ਸੀ. ਵਲੋਂ ਰਿਆਇਤ ਦਿੱਤੀ ਜਾ ਚੁੱਕੀ ਹੈ ਕਿ ਉਹ ਆਪਣੇ ਸਾਰੇ ਲੀਗ ਮੈਚ ਸ੍ਰੀਲੰਕਾ ਵਿਚ ਖੇਡੇਗਾ ਤੇ ਭਾਰਤ ਵਿਰੁੱਧ ਹੋਣ ਵਾਲਾ ਮੈਚ ਵੀ ਸ੍ਰੀਲੰਕਾ ਵਿਚ ਖੇਡਿਆ ਜਾਵੇਗਾ।
ਇਸ ਦੌਰਾਨ ਮੋਹਸਿਨ ਨਕਵੀ ਨੇ ਬੰਗਲਾਦੇਸ਼ ਦਾ ਸਮਰਥਨ ਕਰਦਿਆਂ ਦੋਸ਼ ਲਗਾਇਆ ਕਿ ਆਈ.ਸੀ.ਸੀ. ਨੇ ਇਸ ਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰਕੇ ਗਲਤ ਵਿਹਾਰ ਕੀਤਾ ਹੈ। ਉਨ੍ਹਾਂ ਕਿਹਾ, ‘ਬੰਗਲਾਦੇਸ਼ ਨਾਲ ਗਲਤ ਵਿਹਾਰ ਕੀਤਾ ਗਿਆ ਹੈ। ਮੈਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਬੋਰਡ ਮੀਟਿੰਗ ਵਿਚ ਵੀ ਇਹੀ ਕਿਹਾ ਸੀ ਕਿ ਇੱਥੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਇਕ ਦੇਸ਼ ਨੂੰ ਪੂਰੀ ਰਿਆਇਤ ਦਿੱਤੀ ਜਾਂਦੀ ਹੈ ਤੇ ਦੂਜੇ ਨਾਲ ਅੜੀ ਕੀਤੀ ਜਾਂਦੀ ਹੈ।’
ਬੰਗਲਾਦੇਸ਼ ਤੋਂ ਬਾਅਦ ਟੀ-20 ਵਿਸ਼ਵ ਕੱਪ ‘ਚੋਂ ਪਾਕਿਸਤਾਨ ਵੀ ਹੋ ਸਕਦੈ ਬਾਹਰ!

