#PUNJAB

ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿਚ ਹੋਈ ਚੋਣ

-ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਕੈਡਿਟਾਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿਚ ਜੁਲਾਈ ਤੋਂ ਸ਼ੁਰੂ ਹੋਵੇਗੀ ਸਿਖਲਾਈ
ਚੰਡੀਗੜ੍ਹ, 13 ਜੂਨ (ਪੰਜਾਬ ਮੇਲ)- ਪੰਜਾਬ ਦੀਆਂ ਲੜਕੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਯਤਨਸ਼ੀਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ.) ਫਾਰ ਗਰਲਜ਼, ਐੱਸ.ਏ.ਐੱਸ. ਨਗਰ (ਮੁਹਾਲੀ) ਦੀਆਂ ਤਿੰਨ ਹੋਰ ਮਹਿਲਾ ਕੈਡਿਟਾਂ ਨੂੰ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਸਿਖਲਾਈ ਜੁਲਾਈ 2024 ਤੋਂ ਸ਼ੁਰੂ ਹੋਵੇਗੀ।

ਹਰਨੂਰ ਸਿੰਘ
ਕ੍ਰਿਤੀ ਐਸ ਬਿਸ਼ਟ

ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਕੈਡਿਟ ਹਰਨੂਰ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵਿਕਰਮ ਸਿੰਘ ਬੈਂਸ ਦੀ ਧੀ ਹੈ ਜਦੋਂਕਿ ਕੈਡਿਟ ਕ੍ਰਿਤੀ ਐਸ ਬਿਸ਼ਟ ਪੀ.ਏ.ਸੀ.ਐੱਲ., ਨੰਗਲ ਦੇ ਸੀਨੀਅਰ ਇੰਜੀਨੀਅਰ ਸ਼ਕਤੀ ਸ਼ਰਨ ਸਿੰਘ ਦੀ ਧੀ ਹੈ। ਜਲੰਧਰ ਦੀ ਰਹਿਣ ਵਾਲੀ ਕੈਡਿਟ ਅਲੀਸ਼ਾ, ਜੋ ਪਹਿਲਾਂ ਹੀ ਇੰਡੀਅਨ ਨੇਵਲ ਅਕੈਡਮੀ ਵਿਚ ਸਿਖਲਾਈ ਅਧੀਨ ਹੈ, ਪ੍ਰਾਈਵੇਟ ਸਕੂਲ ਦੇ ਅਧਿਆਪਕ ਸੁਨੀਲ ਦੱਤ ਦੀ ਧੀ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਤਿੰਨਾਂ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚੀਆਂ ਦੀ ਸਫਲਤਾ ਯਕੀਨੀ ਤੌਰ ‘ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੀਆਂ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫਸਰਾਂ ਵਜੋਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।
ਮੌਜੂਦਾ ਸਮੇਂ ਇਸ ਦੇ ਦੂਜੇ ਬੈਚ ਨੇ ਅਪ੍ਰੈਲ 2024 ਤੋਂ ਸਿਖਲਾਈ ਸ਼ੁਰੂ ਕਰ ਦਿੱਤੀ ਹੈ।