-ਮਾਂ ਨੂੰ ਜ਼ਖਮੀ ਕਰਕੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
ਨਿਊਯਾਰਕ, 12 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ‘ਚ ਇਕ ਪੰਜਾਬੀ ਪਰਿਵਾਰ ਦੇ ਨੌਜਵਾਨ ਕਰਮਜੀਤ ਸਿੰਘ ਮੁਲਤਾਨੀ ਵੱਲੋਂ ਆਪਣੇ ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੇ ਇੱਕ ਪਿਤਾ ਨੇ ਪਰਿਵਾਰ ਦੇ ਰਿਚਮੰਡ ਹਿੱਲ ਕੁਈਨਜ਼ ਵਿਖੇ ਘਰ ਦੇ ਅੰਦਰ ਆਪਣੇ ਹੀ ਭਰਾ ਨੂੰ ਗੋਲੀ ਮਾਰ ਦਿੱਤੀ ਅਤੇ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਫਿਰ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਾਣਕਾਰੀ ਅਨੁਸਾਰ 33 ਸਾਲਾ ਕਰਮਜੀਤ ਸਿੰਘ ਮੁਲਤਾਨੀ ਰਾਤ 10:30 ਵਜੇ ਦੇ ਕਰੀਬ ਆਪਣੇ 27 ਸਾਲਾ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੇ ਕਮਰੇ ਵਿਚ ਦਾਖਲ ਹੋ ਗਿਆ ਅਤੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਿਸ ਦੇ ਅਨੁਸਾਰ, ਦੱਖਣੀ ਰਿਚਮੰਡ ਹਿੱਲ ਵਿਚ 95ਵੀਂ ਸਟ੍ਰੀਟ ਅਤੇ 11ਵੇਂ ਐਵੇਨਿਊ ‘ਤੇ ਇਹ ਮੰਦਭਾਗੀ ਘਟਨਾ ਵਾਪਰੀ। ਇਸ ਘਟਨਾ ਵਿਚ ਉਨ੍ਹਾਂ ਦੀ 57 ਸਾਲਾ ਮਾਂ ਦੇ ਪੇਟ ਵਿਚ ਵੀ ਗੋਲੀ ਲੱਗੀ, ਜੋ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ, ਜਿੱਥੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੇ ਕਤਲ ਕਰਨ ਤੋਂ ਬਾਅਦ ਕਰਮਜੀਤ ਸਿੰਘ ਮੁਲਤਾਨੀ ਨੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ। ਪੁਲਿਸ ਨੂੰ ਉਸ ਦੇ ਮ੍ਰਿਤਕ ਸਰੀਰ ਦੇ ਕੋਲ ਇੱਕ ਪਿਸਤੌਲ ਮਿਲਿਆ ਹੈ। ਮਾਰੇ ਗਏ ਇਸ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬੇਗੋਵਾਲ ਦੇ ਲਾਗਲੇ ਪਿੰਡ ਨੌਰੰਗਪੁਰ ਦੇ ਨਾਲ ਦੱਸਿਆ ਜਾਂਦਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਇਸ ਵਾਰਦਾਤ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।