ਇਰਾਨੀ ਫੌਜ ਵੱਲੋਂ ਹੈਲੀਕਾਪਟਰ ‘ਤੇ ਹਮਲੇ ਦਾ ਕੋਈ ਸੰਕੇਤ ਨਾ ਮਿਲਣ ਦਾ ਦਾਅਵਾ
ਤਹਿਰਾਨ, 24 ਮਈ (ਪੰਜਾਬ ਮੇਲ)- ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਜਿਸ ਹੈਲੀਕਾਪਟਰ ਵਿਚ ਸਵਾਰ ਸਨ, ਉਸ ਦੇ ਹਾਦਸਾਗ੍ਰਸਤ ਹੁੰਦੇ ਹੀ ਉਸ ਵਿਚ ਅੱਗ ਲੱਗ ਗਈ ਸੀ ਅਤੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਉਸ ‘ਤੇ ਕੋਈ ਹਮਲਾ ਕੀਤਾ ਗਿਆ ਸੀ। ਇਰਾਨੀ ਸੋਸ਼ਲ ਮੀਡੀਆ ਨੇ ਹਾਦਸੇ ਦੇ ਜਾਂਚਕਰਤਾਵਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਵਾਪਰੇ ਹਾਦਸੇ ਵਿਚ ਰਈਸੀ ਤੋਂ ਇਲਾਵਾ ਦੇਸ਼ ਦੇ ਵਿਦੇਸ਼ ਮੰਤਰੀ ਅਤੇ ਛੇ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਹਾਦਸੇ ਦੀ ਜਾਂਚ ਕਰ ਰਹੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ਼ ਦਾ ਬਿਆਨ ਵੀਰਵਾਰ ਨੂੰ ਦੇਰ ਰਾਤ ਸਰਕਾਰੀ ਟੈਲੀਵਿਜ਼ਨ ਚੈਨਲ ‘ਤੇ ਪੜ੍ਹਿਆ ਗਿਆ। ਹਾਦਸੇ ਸਬੰਧੀ ਜਾਰੀ ਪਹਿਲੇ ਬਿਆਨ ਵਿਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਪਰ ਕਿਹਾ ਗਿਆ ਹੈ ਕਿ ਅੱਗੇ ਦੀ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਮਿਲੇਗੀ।