#OTHERS

ਨੇਪਾਲ ‘ਚ ਵਿਦੇਸ਼ੀਆਂ ਨਾਲ ਵਿਆਹਾਂ ਦਾ ਵਧਦਾ ਰੁਝਾਨ

50 ਸਾਲ ਤੱਕ ਦੇ ਉਮਰ ਅੰਤਰ ਵਾਲੇ ਵਿਆਹਾਂ ਨੇ ਖੜ੍ਹੇ ਕੀਤੇ ਸਵਾਲ
ਕਾਠਮੰਡੂ, 27 ਮਈ (ਪੰਜਾਬ ਮੇਲ)- ਨੇਪਾਲ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਵਿਦੇਸ਼ੀ ਨਾਗਰਿਕਾਂ ਅਤੇ ਨੇਪਾਲੀ ਨਾਗਰਿਕਾਂ ਦਰਮਿਆਨ ਵਿਆਹਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਖਾਸ ਕਰਕੇ ਅਮਰੀਕੀ ਨਾਗਰਿਕਾਂ ਨਾਲ ਹੋ ਰਹੇ ਵਿਆਹ ਸਭ ਤੋਂ ਵੱਧ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿੱਥੇ ਦੋਵਾਂ ਜੀਵਨ ਸਾਥੀਆਂ ਵਿਚਾਲੇ 30 ਤੋਂ 50 ਸਾਲ ਤੱਕ ਦਾ ਉਮਰ ਅੰਤਰ ਹੈ, ਜਿਸ ਕਾਰਨ ਹੁਣ ਸਮਾਜਿਕ ਅਤੇ ਪ੍ਰਸ਼ਾਸਕੀ ਪੱਧਰ ‘ਤੇ ਚਰਚਾ ਤੇ ਚਿੰਤਾ ਵਧ ਰਹੀ ਹੈ।
ਕਾਠਮੰਡੂ ਦੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਉਨ੍ਹਾਂ ਕੋਲ ਅਕਸਰ ਅਜਿਹੇ ਜੋੜੇ ਆਉਂਦੇ ਹਨ, ਜਿੱਥੇ ਵਿਦੇਸ਼ੀ ਪੁਰਸ਼ਾਂ ਦੀ ਉਮਰ 55 ਤੋਂ 75 ਸਾਲ ਤੱਕ ਹੁੰਦੀ ਹੈ, ਜਦਕਿ ਨੇਪਾਲੀ ਮਹਿਲਾਵਾਂ ਦੀ ਉਮਰ 22 ਤੋਂ 35 ਸਾਲ ਦਰਮਿਆਨ ਹੁੰਦੀ ਹੈ। ਇੱਕ ਹਾਲੀਆ ਮਾਮਲੇ ਵਿਚ 72 ਸਾਲਾ ਆਸਟ੍ਰੇਲੀਆਈ ਵਿਅਕਤੀ ਆਪਣੀ 20 ਸਾਲਾਂ ਦੀ ਨੇਪਾਲੀ ਪਤਨੀ ਨਾਲ ਵੀਜ਼ਾ ਵਧਾਉਣ ਲਈ ਦਫ਼ਤਰ ਪਹੁੰਚਿਆ। ਦੋਵਾਂ ਕੋਲ ਕਾਠਮੰਡੂ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਕੀਤਾ ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਮੌਜੂਦ ਸੀ।
ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ, ਸਾਲ 2025 ਵਿਚ 1,606 ਨੇਪਾਲੀ ਨਾਗਰਿਕਾਂ ਨੇ ਵਿਦੇਸ਼ੀਆਂ ਨਾਲ ਵਿਆਹ ਕੀਤੇ। ਇਨ੍ਹਾਂ ਵਿਚ ਸਭ ਤੋਂ ਵੱਧ 185 ਮੈਰਿਜ ਵੀਜ਼ੇ ਅਮਰੀਕੀ ਨਾਗਰਿਕਾਂ ਲਈ ਜਾਰੀ ਹੋਏ। ਇਸ ਤੋਂ ਬਾਅਦ ਜਪਾਨ, ਯੂਨਾਈਟਡ ਕਿੰਗਡਮ, ਚੀਨ, ਫਿਲੀਪੀਨਜ਼, ਆਸਟ੍ਰੇਲੀਆ, ਕੈਨੇਡਾ ਅਤੇ ਜਰਮਨੀ ਦੇ ਨਾਗਰਿਕਾਂ ਦੇ ਮਾਮਲੇ ਸਾਹਮਣੇ ਆਏ।
2026 ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ 611 ਮੈਰਿਜ ਵੀਜ਼ੇ ਜਾਰੀ ਹੋ ਚੁੱਕੇ ਹਨ ਅਤੇ ਇਸ ਵਾਰ ਵੀ ਅਮਰੀਕਾ 108 ਮਾਮਲਿਆਂ ਨਾਲ ਸਭ ਤੋਂ ਉੱਪਰ ਹੈ। ਯੂ.ਕੇ., ਜਪਾਨ ਅਤੇ ਫਿਲੀਪੀਨਜ਼ ਵੀ ਸੂਚੀ ਵਿਚ ਅੱਗੇ ਹਨ।
ਨੇਪਾਲ ਦੇ 2017 ਦੇ ਸਿਵਲ ਕੋਡ ਅਨੁਸਾਰ ਵਿਆਹ ਲਈ ਉਮਰ ਦੇ ਅੰਤਰ ‘ਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਹੈ। ਵਿਦੇਸ਼ੀ ਨਾਗਰਿਕ ਨੂੰ ਵਿਆਹ ਰਜਿਸਟਰ ਕਰਵਾਉਣ ਲਈ ਆਪਣੇ ਦੂਤਾਵਾਸ ਤੋਂ ”ਨੋ ਓਬਜੈਕਸ਼ਨ ਲੈਟਰ”, ਪਾਸਪੋਰਟ ਦੀ ਪ੍ਰਮਾਣਿਤ ਕਾਪੀ, ਨੇਪਾਲ ਵਿਚ ਘੱਟੋ-ਘੱਟ 15 ਦਿਨ ਰਹਿਣ ਦਾ ਸਬੂਤ ਅਤੇ ਹੋਰ ਕਾਨੂੰਨੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਹਨ।
ਸੁਪਰੀਮ ਕੋਰਟ ਦੇ ਬੁਲਾਰੇ ਅਰਜੁਨ ਪ੍ਰਸਾਦ ਕੋਇਰਾਲਾ ਨੇ ਕਿਹਾ ਕਿ ਵਿਆਹ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ, ਪਰ ਨੇਪਾਲ ਕੋਲ ਕੋਈ ਕੇਂਦਰੀ ਡਾਟਾ ਪ੍ਰਣਾਲੀ ਨਹੀਂ ਹੈ, ਜਿਸ ਰਾਹੀਂ ਦੇਸ਼ ਭਰ ਵਿਚ ਹੋ ਰਹੇ ਵਿਦੇਸ਼ੀ-ਨੇਪਾਲੀ ਵਿਆਹਾਂ ਦਾ ਪੂਰਾ ਰਿਕਾਰਡ ਰੱਖਿਆ ਜਾ ਸਕੇ।
ਵਕੀਲ ਭਗਵਤੀ ਪਾਂਡੇ ਮੁਤਾਬਕ, 2015 ਵਿਚ ਉਮਰ ਅੰਤਰ ਨਾਲ ਸੰਬੰਧਿਤ ਕਾਨੂੰਨੀ ਸੀਮਾਵਾਂ ਹਟਾਏ ਜਾਣ ਤੋਂ ਬਾਅਦ ਅਜਿਹੇ ਵਿਆਹ ਵਧੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ, ਵਿਦੇਸ਼ ਵਿਚ ਸੈਟਲ ਹੋਣ ਦੀ ਇੱਛਾ ਅਤੇ ਰੁਜ਼ਗਾਰ ਦੇ ਘੱਟ ਮੌਕੇ ਵੀ ਇਸ ਰੁਝਾਨ ਨੂੰ ਵਧਾ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਸ਼ਾ, ਸੱਭਿਆਚਾਰ ਅਤੇ ਪਰਿਵਾਰਕ ਪਿਛੋਕੜ ਦੇ ਵੱਡੇ ਅੰਤਰ ਕਾਰਨ ਅਜਿਹੇ ਵਿਆਹਾਂ ਵਿਚ ਤਲਾਕ ਦਾ ਖਤਰਾ ਵੀ ਜ਼ਿਆਦਾ ਹੋ ਸਕਦਾ ਹੈ।
ਸਮਾਜ ਵਿਗਿਆਨੀ ਟਿਕਾਰਾਮ ਗੌਤਮ ਨੇ ਕਿਹਾ ਕਿ ਨੇਪਾਲ ਵਿਚ ਰਵਾਇਤੀ ਤੌਰ ‘ਤੇ ਛੋਟੀ ਉਮਰ ਵਿਚ ਵਿਆਹ ਹੁੰਦੇ ਰਹੇ ਹਨ, ਜਦਕਿ ਕਈ ਵਿਦੇਸ਼ੀ ਲੋਕ ਦੇਰ ਨਾਲ ਵਿਆਹ ਕਰਦੇ ਹਨ, ਜਿਸ ਕਾਰਨ ਉਮਰ ਅੰਤਰ ਵੱਧ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਆਹ ਨੂੰ ਸਿਰਫ਼ ਇਮੀਗ੍ਰੇਸ਼ਨ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।
ਇਮੀਗ੍ਰੇਸ਼ਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿਚ ਵਿਦੇਸ਼ ਜਾਣ ਜਾਂ ਵੀਜ਼ਾ ਪ੍ਰਾਪਤ ਕਰਨ ਦੀ ਇੱਛਾ ਵੀ ਵੱਡਾ ਕਾਰਨ ਬਣ ਰਹੀ ਹੈ। ਅਜਿਹੇ ਵਿਆਹ ਖਾਸ ਤੌਰ ‘ਤੇ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਜਪਾਨ ਅਤੇ ਜਰਮਨੀ ਦੇ ਨਾਗਰਿਕਾਂ ਨਾਲ ਵੱਧ ਹੋ ਰਹੇ ਹਨ।
ਨੇਪਾਲੀ ਕਾਨੂੰਨ ਮੁਤਾਬਕ, ਜੇ ਵਿਆਹ ਕਾਨੂੰਨੀ ਤੌਰ ‘ਤੇ ਰਜਿਸਟਰ ਹੋ ਜਾਵੇ, ਤਾਂ ਮੈਰਿਜ ਵੀਜ਼ਾ ਜਾਰੀ ਕਰਨਾ ਲਾਜ਼ਮੀ ਹੁੰਦਾ ਹੈ। ਇਹ ਵੀਜ਼ਾ ਪਹਿਲਾਂ 6 ਮਹੀਨਿਆਂ ਲਈ ਮਿਲਦਾ ਹੈ ਅਤੇ ਫੀਸ ਦੇ ਕੇ ਇਸਨੂੰ ਵਧਾਇਆ ਜਾ ਸਕਦਾ ਹੈ। ਮੈਰਿਜ ਵੀਜ਼ੇ ‘ਤੇ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਨੇਪਾਲ ਵਿਚ ਕੰਮ ਕਰਨ ਦੀ ਆਗਿਆ ਨਹੀਂ ਹੁੰਦੀ। ਨਿਯਮ ਤੋੜਨ ‘ਤੇ ਜੁਰਮਾਨਾ, ਵੀਜ਼ਾ ਰੱਦ ਅਤੇ ਡਿਪੋਰਟ ਕਰਨ ਤੱਕ ਦੀ ਕਾਰਵਾਈ ਹੋ ਸਕਦੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੈਰਿਜ ਵੀਜ਼ੇ ‘ਤੇ ਰਹਿ ਰਹੇ ਵਿਅਕਤੀ ਨੇਪਾਲ ਵਿਚ ਕਾਰੋਬਾਰ ਜਾਂ ਨੌਕਰੀ ਕਰ ਰਹੇ ਸਨ।
ਮਾਹਿਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਰੁਝਾਨ ਹਰ ਸਾਲ ਵੱਧ ਰਿਹਾ ਹੈ ਅਤੇ ਇਸਦੇ ਸਮਾਜਿਕ, ਕਾਨੂੰਨੀ ਅਤੇ ਆਰਥਿਕ ਪ੍ਰਭਾਵਾਂ ਨੂੰ ਸਮਝਣ ਲਈ ਹੋਰ ਡੂੰਘੀ ਜਾਂਚ ਅਤੇ ਨਿਗਰਾਨੀ ਦੀ ਲੋੜ ਹੈ।