-ਅਮਰੀਕਾ ਤੇ ਇਰਾਨ ਵਿਚਾਲੇ ਜੰਗਬੰਦੀ ਵਰਗੇ ਹਾਲਾਤ ਤੋਂ ਬਾਅਦ ਵੀ ਪਾਬੰਦੀਆਂ ਦਾ ਦਾਇਰਾ ਵਧਾਇਆ
ਯੇਰੂਸ਼ਲਮ, 13 ਮਈ (ਪੰਜਾਬ ਮੇਲ)- ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਪੱਛਮੀ ਏਸ਼ੀਆ ‘ਚ ਬਣੀ ਅਨਿਸ਼ਚਿਤਤਾ ਦੀ ਸਥਿਤੀ ਦੇ ਮੱਦੇਨਜ਼ਰ ਉਹ ਤਲ ਅਵੀਵ-ਦਿੱਲੀ ਮਾਰਗ ‘ਤੇ ਆਪਣੀਆਂ ਉਡਾਣਾਂ ਦੀ ਮੁਅੱਤਲੀ ਨੂੰ ਜੂਨ ਦੇ ਅੰਤ ਤੱਕ ਵਧਾ ਰਹੀ ਹੈ। ਏਅਰਲਾਈਨ ਦੇ ਇਜ਼ਰਾਈਲ ਸੰਚਾਲਨ ਦੇ ਮੁਖੀ ਇੱਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਭਾਰਤੀ ਏਅਰਲਾਈਨ ਕੰਪਨੀ ਨੇ ਮਈ ਦੇ ਅੰਤ ਤੱਕ ਆਪਣੀਆਂ ਉਡਾਣਾਂ ਨੂੰ ਰੋਕਣ ਦਾ ਐਲਾਨ ਕੀਤਾ ਸੀ ਪਰ ਹੁਣ ਹਾਲਾਤ ਨੂੰ ਦੇਖਦੇ ਹੋਏ ਇਸ ਨੂੰ ਹੋਰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਅਮਰੀਕਾ ਅਤੇ ਇਰਾਨ ਵਿਚਾਲੇ ਜੰਗਬੰਦੀ ਵਰਗੀ ਸਥਿਤੀ ਕੁਝ ਸਮੇਂ ਤੋਂ ਬਣੀ ਹੋਈ ਹੈ, ਫਿਰ ਵੀ ਪੱਛਮੀ ਏਸ਼ੀਆ ਦੇ ਹਾਲਾਤ ਪੂਰੀ ਤਰ੍ਹਾਂ ਸਥਿਰ ਨਹੀਂ ਹਨ। ਇਸੇ ਅਨਿਸ਼ਚਿਤਤਾ ਕਾਰਨ ਜ਼ਿਆਦਾਤਰ ਏਅਰਲਾਈਨ ਕੰਪਨੀਆਂ ਤਲ ਅਵੀਵ ਮਾਰਗ ‘ਤੇ ਆਪਣੀਆਂ ਸੇਵਾਵਾਂ ਬੰਦ ਰੱਖਣ ਲਈ ਮਜਬੂਰ ਹੋਈਆਂ ਹਨ।
ਮੌਜੂਦਾ ਸਮੇਂ ‘ਚ ਐੱਲ ਅਲ, ਇਸਰਾਏਅਰ, ਅਰਕੀਆ ਅਤੇ ਏਅਰ ਹਾਈਫਾ ਵਰਗੀਆਂ ਇਜ਼ਰਾਈਲੀ ਹਵਾਈ ਸੇਵਾਵਾਂ ਤੋਂ ਇਲਾਵਾ, ਸਿਰਫ਼ ਕੁਝ ਹੀ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਆਪਣਾ ਕੰਮਕਾਜ ਦੁਬਾਰਾ ਸ਼ੁਰੂ ਕੀਤਾ ਹੈ। ਇਸ ਕਾਰਨ ਉਨ੍ਹਾਂ ਲੋਕਾਂ ਲਈ ਵੱਡੀਆਂ ਚੁਣੌਤੀਆਂ ਪੈਦਾ ਹੋ ਗਈਆਂ ਹਨ, ਜੋ ਕੰਮ, ਛੁੱਟੀਆਂ ਮਨਾਉਣ ਜਾਂ ਪਰਿਵਾਰਕ ਮਿਲਣੀਆਂ ਲਈ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਉਡਾਣਾਂ ਦੀ ਘਾਟ ਕਾਰਨ ਮੁਸਾਫ਼ਰਾਂ ਨੂੰ ਆਪਣੀਆਂ ਯੋਜਨਾਵਾਂ ਬਦਲਣੀਆਂ ਪੈ ਰਹੀਆਂ ਹਨ।
ਏਅਰ ਇੰਡੀਆ-ਤਲ ਅਵੀਵ ਉਡਾਣ ‘ਤੇ ਪਾਬੰਦੀ ਜੂਨ ਦੇ ਅੰਤ ਤੱਕ ਵਧਾਈ

