#INDIA

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਦੀ ਵਰਤੋਂ ਕਰਨਾ ਹੈ ਗੈਰ-ਕਾਨੂੰਨੀ!

-ਵਿਦੇਸ਼ੀ ਨਾਗਰਿਕਤਾ ਲੈਂਦਿਆਂ ਹੀ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ!
ਨਵੀਂ ਦਿੱਲੀ, 13 ਮਈ (ਪੰਜਾਬ ਮੇਲ)-  ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਬਿਹਤਰ ਨੌਕਰੀਆਂ, ਪੜ੍ਹਾਈ ਅਤੇ ਪੱਕੇ ਤੌਰ ‘ਤੇ ਵੱਸਣ ਲਈ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦਾ ਰੁਖ ਕਰਦੇ ਹਨ। ਇਨ੍ਹਾਂ ‘ਚੋਂ ਬਹੁਤ ਸਾਰੇ ਲੋਕ ਕੁਝ ਸਾਲਾਂ ਬਾਅਦ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲੈਂਦੇ ਹਨ। ਵਿਦੇਸ਼ੀ ਨਾਗਰਿਕਤਾ ਲੈਂਦੇ ਹੀ ਤੁਹਾਡਾ ਭਾਰਤ ਨਾਲ ਰਿਸ਼ਤਾ ਕਾਨੂੰਨੀ ਤੌਰ ‘ਤੇ ਪੂਰੀ ਤਰ੍ਹਾਂ ਬਦਲ ਜਾਂਦਾ ਹੈ।
ਭਾਰਤ ਦੇ ਸੰਵਿਧਾਨ ਅਨੁਸਾਰ ਇੱਥੇ ਦੋਹਰੀ ਨਾਗਰਿਕਤਾ ਦਾ ਕੋਈ ਪ੍ਰਬੰਧ ਨਹੀਂ ਹੈ। ਜਿਵੇਂ ਹੀ ਕੋਈ ਭਾਰਤੀ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਸਵੀਕਾਰ ਕਰਦਾ ਹੈ, ਉਸ ਦੀ ਭਾਰਤੀ ਨਾਗਰਿਕਤਾ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਉਹ ਵਿਅਕਤੀ ਭਾਰਤੀ ਪਾਸਪੋਰਟ ਦੀ ਵਰਤੋਂ ਨਹੀਂ ਕਰ ਸਕਦਾ। ਉਸ ਨੂੰ ਆਪਣਾ ਭਾਰਤੀ ਪਾਸਪੋਰਟ ਜਮ੍ਹਾ ਕਰਵਾਉਣਾ ਪੈਂਦਾ ਹੈ, ਜਿਸ ਨੂੰ ‘ਪਾਸਪੋਰਟ ਸਰੈਂਡਰ’ ਪ੍ਰਕਿਰਿਆ ਕਿਹਾ ਜਾਂਦਾ ਹੈ। ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਜੁਰਮਾਨਾ ਵੀ ਲੱਗ ਸਕਦਾ ਹੈ।
ਵਿਦੇਸ਼ੀ ਨਾਗਰਿਕ ਬਣ ਚੁੱਕੇ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਸਰਕਾਰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ.ਸੀ.ਆਈ.) ਕਾਰਡ ਦੀ ਸਹੂਲਤ ਦਿੰਦੀ ਹੈ। ਓ.ਸੀ.ਆਈ. ਕਾਰਡ ਧਾਰਕਾਂ ਨੂੰ ਭਾਰਤ ਆਉਣ ਲਈ ਵਾਰ-ਵਾਰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਨੂੰ ਜੀਵਨ ਭਰ ਭਾਰਤ ਆਉਣ-ਜਾਣ ਅਤੇ ਇੱਥੇ ਰਹਿਣ ਦੀ ਇਜਾਜ਼ਤ ਮਿਲਦੀ ਹੈ। ਭਾਰਤ ਵਿਚ ਬੈਂਕ ਖਾਤੇ ਖੋਲ੍ਹਣ, ਪੈਨ ਕਾਰਡ ਬਣਵਾਉਣ ਅਤੇ ਕੁਝ ਨਿਵੇਸ਼ ਸੰਬੰਧੀ ਕੰਮਾਂ ਵਿਚ ਆਸਾਨੀ ਹੁੰਦੀ ਹੈ।
ਇਸ ਤੋਂ ਇਲਾਵਾ ਓ.ਸੀ.ਆਈ. ਕਾਰਡ ਹੋਣ ਦੇ ਬਾਵਜੂਦ ਵਿਦੇਸ਼ੀ ਨਾਗਰਿਕਤਾ ਲੈਣ ਵਾਲੇ ਲੋਕ ਭਾਰਤੀ ਨਾਗਰਿਕਾਂ ਦੇ ਬਰਾਬਰ ਨਹੀਂ ਹੁੰਦੇ। ਉਨ੍ਹਾਂ ਦੇ ਕਈ ਅਧਿਕਾਰ ਖ਼ਤਮ ਹੋ ਜਾਂਦੇ ਹਨ, ਜਿਵੇਂ ਕਿ ਉਹ ਭਾਰਤ ਵਿਚ ਵੋਟ ਨਹੀਂ ਪਾ ਸਕਦੇ। ਉਹ ਐੱਮ.ਪੀ., ਐੱਮ.ਐੱਲ.ਏ. ਸਰਪੰਚ ਜਾਂ ਕਿਸੇ ਹੋਰ ਸੰਵਿਧਾਨਕ ਅਹੁਦੇ ਲਈ ਚੋਣ ਨਹੀਂ ਲੜ ਸਕਦੇ। ਉਹ ਆਈ.ਏ.ਐੱਸ., ਆਈ.ਪੀ.ਐੱਸ., ਆਈ.ਐੱਫ.ਐੱਸ. ਜਾਂ ਫੌਜ ਵਰਗੀਆਂ ਸੰਵੇਦਨਸ਼ੀਲ ਸਰਕਾਰੀ ਨੌਕਰੀਆਂ ਨਹੀਂ ਕਰ ਸਕਦੇ। ਓ.ਸੀ.ਆਈ. ਕਾਰਡ ਧਾਰਕ ਭਾਰਤ ਵਿਚ ਖੇਤੀ ਵਾਲੀ ਜ਼ਮੀਨ ਜਾਂ ਪਲਾਂਟੇਸ਼ਨ ਪ੍ਰਾਪਰਟੀ ਨਹੀਂ ਖਰੀਦ ਸਕਦੇ, ਹਾਲਾਂਕਿ ਉਹ ਰਿਹਾਇਸ਼ੀ ਫਲੈਟ ਜਾਂ ਕਮਰਸ਼ੀਅਲ ਇਮਾਰਤਾਂ ਖਰੀਦ ਸਕਦੇ ਹਨ। ਸੰਵੇਦਨਸ਼ੀਲ ਜਾਂ ਸਰਹੱਦੀ ਇਲਾਕਿਆਂ ‘ਚ ਜਾਣ ਲਈ ਉਨ੍ਹਾਂ ਨੂੰ ਵਿਸ਼ੇਸ਼ ਇਜਾਜ਼ਤ ਦੀ ਲੋੜ ਪੈ ਸਕਦੀ ਹੈ।
ਅਕਸਰ ਲੋਕ ਐੱਨ.ਆਰ.ਆਈ. ਅਤੇ ਓ.ਸੀ.ਆਈ. ਦੋਵਾਂ ਨੂੰ ਇੱਕੋ ਸਮਝ ਲੈਂਦੇ ਹਨ, ਪਰ ਇਨ੍ਹਾਂ ਵਿਚ ਵੱਡਾ ਫਰਕ ਹੈ।
ਐੱਨ.ਆਰ.ਆਈ. ਉਹ ਭਾਰਤੀ ਨਾਗਰਿਕ ਹੁੰਦਾ ਹੈ, ਜੋ ਸਿਰਫ ਪੜ੍ਹਾਈ ਜਾਂ ਕੰਮ ਲਈ ਵਿਦੇਸ਼ ਰਹਿੰਦਾ ਹੈ। ਉਸ ਕੋਲ ਭਾਰਤੀ ਪਾਸਪੋਰਟ ਹੁੰਦਾ ਹੈ ਅਤੇ ਉਸ ਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੁੰਦਾ ਹੈ।
ਓ.ਸੀ.ਆਈ. ਇੱਕ ਵਿਦੇਸ਼ੀ ਨਾਗਰਿਕ ਹੁੰਦਾ ਹੈ, ਜਿਸ ਕੋਲ ਦੂਜੇ ਦੇਸ਼ ਦਾ ਪਾਸਪੋਰਟ ਹੁੰਦਾ ਹੈ। ਭਾਰਤ ਸਰਕਾਰ ਨੇ ਓ.ਸੀ.ਆਈ. ਵਿਵਸਥਾ ਇਸ ਲਈ ਬਣਾਈ ਹੈ, ਤਾਂ ਜੋ ਵਿਦੇਸ਼ਾਂ ਵਿਚ ਵੱਸੇ ਕਰੋੜਾਂ ਭਾਰਤੀ ਆਪਣੇ ਪਰਿਵਾਰਕ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਰਾਹੀਂ ਆਪਣੀ ਮਾਤ-ਭੂਮੀ ਨਾਲ ਜੁੜੇ ਰਹਿ ਸਕਣ।