ਜਲੰਧਰ, 16 ਅਕਤੂਬਰ (ਪੰਜਾਬ ਮੇਲ)- ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ‘ਚ ਵੱਡੀ ਬਗਾਵਤ ਉਠ ਖੜ੍ਹੀ ਹੋਈ ਹੈ। ਰਾਜਵਿੰਦਰ ਥਿਆੜਾ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਦੇ ਵਿਰੋਧ ਵਿਚ 11 ਵਿਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾਕ੍ਰਮ ਨੇ ਜਲੰਧਰ ਕੈਂਟ ਦੀ ਸਿਆਸਤ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਜਲੰਧਰ ਕੈਂਟ ਹਲਕੇ ਦੇ ਸਰਪੰਚਾਂ, ਕੌਂਸਲਰਾਂ, ਬਲਾਕ ਪ੍ਰਧਾਨਾਂ ਅਤੇ ਹੋਰ ਸੰਗਠਨਾਤਮਕ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ‘ਚ ਰਾਜਵਿੰਦਰ ਥਿਆੜਾ ਦੇ ਸਮਰਥਨ ਵਿਚ ਇਕਜੁੱਟਤਾ ਦਿਖਾਉਂਦਿਆਂ ਪਾਰਟੀ ਲੀਡਰਸ਼ਿਪ ਦੇ ਫ਼ੈਸਲੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਗਈ। ਅਜੇ ਇਕ ਦਿਨ ਪਹਿਲਾਂ ਹੀ ਪਾਰਟੀ ਵੱਲੋਂ ਰਾਜਵਿੰਦਰ ਥਿਆੜਾ ਨੂੰ ਲਾਂਭੇ ਕਰਕੇ ਦੀਪਕ ਬਾਲੀ ਨੂੰ ਜਲੰਧਰ ਕੈਂਟ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਪਾਰਟੀ ਦੇ ਇਸ ਫੈਸਲੇ ਖ਼ਿਲਾਫ ਵੱਡੀ ਬਗਾਵਤ ਉਠ ਖੜ੍ਹੀ ਹੋਈ ਹੈ।
ਮੀਟਿੰਗ ਤੋਂ ਬਾਅਦ ਹਲਕੇ ਦੇ 11 ਬਲਾਕ ਪ੍ਰਧਾਨਾਂ ਵਿਚੋਂ 10 ਵੱਲੋਂ ਅਸਤੀਫ਼ੇ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਮਹਿਲਾ ਵਿੰਗ, ‘ਯੁੱਧ ਨਸ਼ਿਆਂ ਵਿਰੁੱਧ’ ਵਿੰਗ, ਯੂਥ ਵਿੰਗ ਅਤੇ ਹੋਰ ਸੰਗਠਨਾਤਮਕ ਇਕਾਈਆਂ ਨਾਲ ਜੁੜੇ ਅਹੁਦੇਦਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਵਿਰੋਧ ਜਤਾਇਆ ਹੈ।
ਬੈਠਕ ਵਿਚ ਹਲਕੇ ਦੇ 40 ਸਰਪੰਚ, 7 ਕੌਂਸਲਰ, 2 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਕਮੇਟੀ ਮੈਂਬਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਬੈਠਕ ‘ਚ ਮੌਜੂਦ ਅਹੁਦੇਦਾਰਾਂ ਨੇ ਸੰਗਠਨ ਨਾਲ ਜੁੜੇ ਮੁੱਦਿਆਂ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਬੈਠਕ ਦੌਰਾਨ ਕੌਂਸਲਰਾਂ ਨੇ ਪਾਰਟੀ ਹਾਈਕਮਾਨ ਤੋਂ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਇਸ ਲਈ ਦੋ ਦਿਨ ਦਾ ਅਲਟੀਮੇਟਮ ਦਿੱਤੇ ਜਾਣ ਦੀ ਗੱਲ ਵੀ ਆਖੀ ਗਈ ਹੈ। ਇਸ ਘਟਨਾਕ੍ਰਮ ਤੋਂ ਬਾਅਦ ਇਹ ਸਾਫ ਹੈ ਕਿ ਜਲੰਧਰ ਕੈਂਟ ਵਿਚ ਪਾਰਟੀ ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।
ਜਲੰਧਰ ਕੈਂਟ ‘ਚ ‘ਆਪ’ ਦੇ 11 ‘ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ ਦੇਣ ਦਾ ਐਲਾਨ

