#AMERICA

ਅਮਰੀਕੀ ਖੁਫੀਆ ਤੰਤਰ ਵੱਲੋਂ ਚੀਨ ਤੇ ਪਾਕਿਸਤਾਨ ਨਾਲ ਭਾਰਤ ਦੀ ਜੰਗ ਦਾ ਖ਼ਦਸ਼ਾ

ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਅਮਰੀਕੀ ਖ਼ੁਫ਼ੀਆ ਤੰਤਰ ਨੇ ਕਾਨੂੰਨਘਾੜਿਆਂ ਨੂੰ ਕਿਹਾ ਹੈ ਕਿ ਉਸ ਨੂੰ ਭਾਰਤ-ਪਾਕਿਸਤਾਨ ਤੇ ਭਾਰਤ-ਚੀਨ ਵਿਚਕਾਰ ਤਣਾਅ ਵਧਣ ਅਤੇ ਉਨ੍ਹਾਂ ਵਿਚਕਾਰ ਜੰਗ ਹੋਣ ਦਾ ਖ਼ਦਸ਼ਾ ਹੈ। ਖ਼ੁਫ਼ੀਆ ਤੰਤਰ ਮੁਤਾਬਕ ਪਾਕਿਸਤਾਨ ਦੇ ‘ਕਥਿਤ ਜਾਂ ਅਸਲ’ ਭੜਕਾਹਟ ਦੀ ਹਾਲਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲਾਂ ਦੇ ਮੁਕਾਬਲੇ ‘ਚ ਭਾਰਤ ਵੱਲੋਂ ਕਿਤੇ ਵਧੇਰੇ ਫ਼ੌਜੀ ਤਾਕਤ ਰਾਹੀਂ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ। ਅਮਰੀਕੀ ਖ਼ੁਫ਼ੀਆ ਤੰਤਰ ਵੱਲੋਂ ਸਾਲਾਨਾ ਖ਼ਤਰੇ ਦੇ ਮੁਲਾਂਕਣ ਤਹਿਤ ਇਹ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਅਤੇ ਇਸ ਨੂੰ ਕੌਮੀ ਖ਼ੁਫ਼ੀਆ ਡਾਇਰੈਕਟਰ ਦੇ ਦਫ਼ਤਰ ਵੱਲੋਂ ਅਮਰੀਕੀ ਕਾਂਗਰਸ ਅੱਗੇ ਰੱਖਿਆ ਗਿਆ। ਰਿਪੋਰਟ ਮੁਤਾਬਕ ਭਾਰਤ ਅਤੇ ਚੀਨ ਦੁਵੱਲੇ ਸਰਹੱਦੀ ਵਿਵਾਦ ਨੂੰ ਵਾਰਤਾ ਰਾਹੀਂ ਹੱਲ ਕਰਨ ‘ਚ ਲੱਗੇ ਹੋਏ ਹਨ ਪਰ 2020 ‘ਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਹੋਏ ਸੰਘਰਸ਼ ਦੇ ਮੱਦੇਨਜ਼ਰ ਸਬੰਧ ਤਣਾਅਪੂਰਨ ਹੀ ਰਹਿਣਗੇ। ਇਸ ਘਟਨਾ ਤੋਂ ਬਾਅਦ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਦੀ ਸਥਿਤੀ ਗੰਭੀਰ ਹੈ। ਰਿਪੋਰਟ ‘ਚ ਕਿਹਾ ਗਿਆ ਹੈ, ”ਵਿਵਾਦਤ ਸਰਹੱਦ ‘ਤੇ ਭਾਰਤ ਅਤੇ ਚੀਨ ਦੋਹਾਂ ਵੱਲੋਂ ਫ਼ੌਜ ਦਾ ਵਿਸਥਾਰ ਦੋ ਪਰਮਾਣੂ ਤਾਕਤਾਂ ਵਿਚਕਾਰ ਹਥਿਆਰਬੰਦ ਟਕਰਾਅ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ, ਜਿਸ ਨਾਲ ਅਮਰੀਕੀ ਲੋਕਾਂ ਅਤੇ ਹਿੱਤਾਂ ਨੂੰ ਸਿੱਧੇ ਖ਼ਤਰਾ ਹੋ ਸਕਦਾ ਹੈ। ਇਸ ‘ਚ ਅਮਰੀਕੀ ਦਖ਼ਲ ਦੀ ਮੰਗ ਕੀਤੀ ਜਾਂਦੀ ਹੈ। ਪਿਛਲੇ ਟਕਰਾਅ ਤੋਂ ਸਪੱਸ਼ਟ ਹੈ ਕਿ ਅਸਲ ਕੰਟਰੋਲ ਰੇਖਾ ‘ਤੇ ਲਗਾਤਾਰ ਮਾਮੂਲੀ ਸੰਘਰਸ਼ ਤੇਜ਼ੀ ਨਾਲ ਵਧ ਸਕਦੇ ਹਨ।” ਮਈ ‘ਚ ਦੋਵੇਂ ਮੁਲਕਾਂ ਵਿਚਕਾਰ ਪੂਰਬੀ ਲੱਦਾਖ ‘ਚ ਟਕਰਾਅ ਤੋਂ ਬਾਅਦ ਚੀਨ ਅਤੇ ਭਾਰਤ ਵਿਚਕਾਰ ਸਬੰਧ ਬੇਹੱਦ ਤਣਾਅਪੂਰਨ ਹਨ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਹੱਦੀ ਇਲਾਕਿਆਂ ‘ਚ ਸ਼ਾਂਤੀ ਨਹੀਂ ਹੋਵੇਗੀ, ਉਦੋਂ ਤੱਕ ਚੀਨ ਨਾਲ ਉਸ ਦੇ ਸਬੰਧ ਸੁਖਾਵੇਂ ਨਹੀਂ ਹੋ ਸਕਦੇ। ਰਿਪੋਰਟ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦਾ ਤਣਾਅ ਖਾਸ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ। ਉਂਜ ਦੋਵੇਂ ਮੁਲਕ 2021 ਦੀ ਸ਼ੁਰੂਆਤ ਤੋਂ ਕੰਟਰੋਲ ਰੇਖਾ ‘ਤੇ ਗੋਲੀਬੰਦੀ ਲਈ ਰਾਜ਼ੀ ਹੋ ਗਏ ਸਨ ਅਤੇ ਸਬੰਧ ਮਜ਼ਬੂਤ ਕਰਨ ਦੇ ਇੱਛੁਕ ਸਨ। ਰਿਪੋਰਟ ‘ਚ ਕਿਹਾ ਗਿਆ, ”ਪਾਕਿਸਤਾਨ ਦਾ ਅਤਿਵਾਦੀ ਜਥੇਬੰਦੀਆਂ ਨੂੰ ਹਮਾਇਤ ਦੇਣ ਦਾ ਲੰਬਾ ਇਤਿਹਾਸ ਰਿਹਾ ਅਤੇ ਪਾਕਿਸਤਾਨ ਵੱਲੋਂ ਕਥਿਤ ਜਾਂ ਅਸਲ ਭੜਕਾਹਟ ਦਾ ਜਵਾਬ ਹੁਣ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲਾਂ ਤੋਂ ਕਿਤੇ ਜ਼ੋਰਦਾਰ ਢੰਗ ਨਾਲ ਦਿੱਤੇ ਜਾਣ ਦਾ ਖ਼ਦਸ਼ਾ ਹੈ।” ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਕਸ਼ਮੀਰ ਮੁੱਦੇ ਅਤੇ ਪਾਕਿਸਤਾਨ ਨਾਲ ਕਥਿਤ ਤੌਰ ‘ਤੇ ਅੰਜਾਮ ਦਿੱਤੇ ਜਾਣ ਵਾਲੇ ਸਰਹੱਦ ਪਾਰ ਦੇ ਅੱਤਵਾਦ ਨੂੰ ਲੈ ਕੇਤਣਾਅਪੂਰਨ ਰਹੇ ਹਨ। ਇਸ ਦੌਰਾਨ ਪਾਕਿਸਤਾਨ ਅਤੇ ਅਮਰੀਕਾ ਨੇ ਇਕ ਹੋਰ ਗੇੜ ਦੀ ਅੱਤਵਾਦ ਵਿਰੋਧੀ ਵਾਰਤਾ ਕੀਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਵਾਰਤਾ ਅਮਰੀਕਾ ਨੂੰ ਪਾਕਿਸਤਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਖੇਤਰੀ ਸੁਰੱਖਿਆ ਦੇ ਖ਼ਤਰਿਆਂ ਨਾਲ ਸਿੱਝਣਾ ਸਾਰਿਆਂ ਦਾ ਸਾਂਝਾ ਹਿੱਤ ਹੈ।

Leave a comment