#INDIA

ਬਾਲੀਵੁੱਡ ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਦਾ ਦੇਹਾਂਤ

-ਹੋਲੀ ਦੇ ਤਿਓਹਾਰ ਲਈ ਦਿੱਲੀ ਆਏ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਨਵੀਂ ਦਿੱਲੀ/ਮੁੰਬਈ, 10 ਮਾਰਚ (ਪੰਜਾਬ ਮੇਲ)- ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ, ਜਿਨ੍ਹਾਂ ਨੂੰ ‘ਮਿਸਟਰ ਇੰਡੀਆ’ ਤੇ ‘ਜਾਨੇ ਭੀ ਦੋ ਯਾਰੋ’ ਫ਼ਿਲਮਾਂ ਵਿੱਚ ਨਿਭਾਏ ਮਜ਼ਾਹੀਆ ਕਿਰਦਾਰਾਂ ਲਈ ਅਜੇ ਵੀ ਯਾਦ ਕੀਤਾ ਜਾਂਦਾ ਹੈ, ਦਾ ਵੀਰਵਾਰ ਵੱਡੇ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਕੌਸ਼ਿਕ ਹੋਲੀ ਦਾ ਤਿਓਹਾਰ ਮਨਾਉਣ ਲਈ ਦਿੱਲੀ ਵਿੱਚ ਸਨ। ਉਨ੍ਹਾਂ ਵੱਡੇ ਤੜਕੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਮਗਰੋਂ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਉਨ੍ਹਾਂ ਰਾਹ ਵਿੱਚ ਹੀ ਦਮ ਤੋੜ ਦਿੱਤਾ। ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਦੇਰ ਸ਼ਾਮ ਸਤੀਸ਼ ਕੌਸ਼ਿਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਮਗਰੋਂ ਦਿੱਲੀ ਤੋਂ ਮੁੰਬਈ ਲਿਆਂਦਾ ਗਿਆ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕੌਸ਼ਿਕ ਨੇ ਫਿਲਮ ਇੰਡਸਟਰੀ ਵਿੱਚ ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਦੌਰਾਨ ਅਦਾਕਾਰੀ ਤੇ ਨਿਰਦੇਸ਼ਨ ਤੋਂ ਇਲਾਵਾ ਪਟਕਥਾ ਤੇ ਫਿਲਮਾਂ ਦਾ ਨਿਰਮਾਣ ਵੀ ਕੀਤਾ। ਉਹ ਥੀਏਟਰ, ਸਿਨੇਮਾ, ਓਟੀਟੀ ਤੇ ਟੀਵੀ ਸਣੇ ਕਈ ਮੰਚਾਂ ‘ਤੇ ਨਜ਼ਰ ਆਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਹਮਰੁਤਬਾ ਮਨੋਹਰ ਲਾਲ ਖੱਟਰ ਤੇ ਹੋਰਨਾਂ ਸਿਆਸੀ ਹਸਤੀਆਂ ਸਣੇ ਫਿਲਮ ਜਗਤ ਨੇ ਕੌਸ਼ਿਕ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੌਸ਼ਿਕ ਦੇ ਨੇੜਲੇ ਦੋਸਤਾਂ ‘ਚੋਂ ਇਕ ਤੇ ਅਦਾਕਾਰ ਅਨੁਪਮ ਖੇਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਤੀਸ਼ ਦਿੱਲੀ ਵਿੱਚ ਆਪਣੇ ਇਕ ਦੋਸਤ ਦੇ ਫਾਰਮ ਹਾਊਸ ਵਿੱਚ ਸੀ ਕਿ ਇਸ ਦੌਰਾਨ ਉਸ ਨੇ ਬੇਚੈਨੀ ਮਹਿਸੂਸ ਕੀਤੀ। ਖੇਰ ਨੇ ਕਿਹਾ, ”ਉਸ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਉਹਨੂੰ ਹਸਪਤਾਲ ਲੈ ਜਾਏ…ਰਾਹ ਵਿੱਚ ਤੜਕੇ ਇਕ ਵਜੇ ਦੇ ਕਰੀਬ ਉਸ ਨੂੰ ਦਿਲ ਦਾ ਦੌਰਾ ਪਿਆ।” ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਅਦਾਕਾਰ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ। ਦਿੱਲੀ ਦੇ ਡੀਸੀਪੀ (ਦੱਖਣ-ਪੱਛਮੀ) ਮਨੋਜ ਸੀ ਨੇ ਕਿਹਾ, ”ਅਦਾਕਾਰ ਦੀ ਮੌਤ ਬਾਰੇ ਪਤਾ ਲੱਗਦੇ ਹੀ ਅਸੀਂ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਕਾਰਵਾਈ ਦਾ ਮੁੱਖ ਮੰਤਵ ਇਹ ਪਤਾ ਲਾਉਣਾ ਹੈ ਕਿ ਕੀ ਅਦਾਕਾਰ ਦੀ ਮੌਤ ਭੇਤ-ਭਰੇ ਹਾਲਾਤ ‘ਚ ਹੋਈ ਹੈ ਜਾਂ ਫਿਰ ਵਿਅਕਤੀ ਗੈਰ-ਕੁਦਰਤੀ ਕਾਰਨਾਂ ਕਰਕੇ ਮਰਿਆ ਹੈ।” ਕੌਸ਼ਿਕ ਦੇ ਮੈਨੇਜਰ ਸੰਤੋਸ਼ ਰਾਏ ਨੇ ਕਿਹਾ, ”ਉਹ(ਕੌਸ਼ਿਕ) ਬੇਚੈਨੀ ਮਹਿਸੂਸ ਕਰ ਰਹੇ ਸਨ। ਉਨ੍ਹਾਂ ਮੈਨੂੰ ਬੁਲਾਇਆ ਤੇ ਮੈਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ।” ਦੱਸ ਦੇਈਏ ਕਿ ਕੌਸ਼ਿਕ ਨੇ ਆਖਰੀ ਟਵੀਟ ਮੰਗਲਵਾਰ ਨੂੰ ਕੀਤਾ ਸੀ। ਇਸ ਟਵੀਟ ਦੇ ਨਾਲ ਉਨ੍ਹਾਂ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਹੋਲੀ ਮੌਕੇ ਮੁੰਬਈ ‘ਚ ਰੱਖੀ ਪਾਰਟੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਬੁੱਧਵਾਰ ਨੂੰ ਉਹ ਹੋਲੀ ਦਾ ਤਿਓਹਾਰ ਮਨਾਉਣ ਲਈ ਦਿੱਲੀ ਵਿੱਚ ਆਪਣੇ ਇਕ ਦੋਸਤ ਦੇ ਫਾਰਮ ਹਾਊਸ ‘ਤੇ ਸਨ। ਹਸਪਤਾਲ ਦੇ ਸੂਤਰਾਂ ਨੇ ਕਿਹਾ, ”ਉਨ੍ਹਾਂ ਰਾਤ ਨੂੰ ਬੇਚੈਨੀ ਤੇ ਘਬਰਾਹਟ ਮਹਿਸੂਸ ਕੀਤੀ ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ ਗਿਆ।” ਕੌਸ਼ਿਕ ਦੇ ਪਰਿਵਾਰ ਵਿੱਚ ਪਤਨੀ ਤੇ ਧੀ ਹਨ। ਉਨ੍ਹਾਂ ‘ਤੇਰੇ ਨਾਮ’ ਤੇ ‘ਮੁਝੇ ਕੁਝ ਕਹਿਨਾ ਹੈ’ ਫਿਲਮਾਂ ਵੀ ਡਾਇਰੈਕਟ ਕੀਤੀਆਂ ਹਨ। ਅਦਾਕਾਰ ਦੀ ਚਾਣਚੱਕ ਹੋਈ ਮੌਤ ਨਾਲ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ, ਪੁਣੇ ਦਾ ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਤੇ ਫਿਲਮ ਸਨਅਤ ਨਾਲ ਜੁੜਿਆ ਭਾਈਚਾਰਾ ਸਦਮੇ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਦਾਕਾਰ ਦੇ ਅਕਾਲ ਚਲਾਣੇ ‘ਤੇ ਦੁਖ ਦਾ ਇਜ਼ਹਾਰ ਕੀਤਾ ਹੈ।

Leave a comment