#AMERICA

ਅਮਰੀਕਾ ਵੱਲੋਂ ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

-ਅੰਤਰਰਾਸ਼ਟਰੀ ਪੱਧਰ ‘ਤੇ ਯਾਤਰਾ ਕਰਨ ਦੇ ਕਾਰਨ ਪਾਸਪੋਰਟ ਦੀ ਬੇਮਿਸਾਲ ਮੰਗ
ਵਾਸ਼ਿੰਗਟਨ, 5 ਅਪ੍ਰੈਲ (ਪੰਜਾਬ ਮੇਲ)-ਅਮਰੀਕੀ ਵਿਦੇਸ਼ ਵਿਭਾਗ ਨੇ ਗਰਮੀਆਂ ‘ਚ ਅੰਤਰਰਾਸ਼ਟਰੀ ਯਾਤਰਾ ਲਈ ਆਪਣੇ ਪਾਸਪੋਰਟ ਬਣਵਾਉਣ ਵਾਲਿਆਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਪਾਸਪੋਰਟ ਬਣਵਾਉਣ ਵਾਲਿਆਂ ਲਈ ਸਰਵੋਤਮ ਸੰਭਵ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਪੱਧਰ ‘ਤੇ ਯਾਤਰਾ ਕਰਨ ਦੇ ਕਾਰਨ ਪਾਸਪੋਰਟ ਦੀ ਬੇਮਿਸਾਲ ਮੰਗ ਹੈ। 2022 ‘ਚ ਰਿਕਾਰਡ 22 ਮਿਲੀਅਨ ਪਾਸਪੋਰਟ ਪ੍ਰਕਿਰਿਆ ‘ਚ ਰੱਖੇ ਗਏ ਹਨ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਇਸ ਵਿੱਤੀ ਸਾਲ ‘ਚ ਫਿਰ ਤੋਂ ਉਸ ਰਿਕਾਰਡ ਨੂੰ ਤੋੜਣ ਲਈ ਤਿਆਰ ਹੈ। ਅੱਜ ਤੱਕ ਵਿਦੇਸ਼ ਵਿਭਾਗ ਨੂੰ ਪਾਸਪੋਰਟ ਲਈ ਪ੍ਰਤੀ ਹਫ਼ਤਾ 5,00,000 ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਔਸਤ ਨਾਲੋਂ 30 ਤੋਂ 40 ਫ਼ੀਸਦੀ ਵੱਧ ਹੈ।
ਵਿਭਾਗ ਨੇ ਆਪਣੇ ਕਰਮਚਾਰੀਆਂ ਦੇ ਪੱਧਰ ‘ਚ ਵੀ ਵਾਧਾ ਕੀਤਾ ਹੈ, ਜਿਸ ਨਾਲ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਜੋੜਿਆ ਜਾ ਰਿਹਾ ਹੈ, ਤਾਂ ਕਿ ਮੌਜੂਦਾ ਕਰਮਚਾਰੀਆਂ ਦੇ ਓਵਰ ਟਾਈਮ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ‘ਚ ਮਦਦ ਮਿਲ ਸਕੇ। ਵਿਭਾਗ ਨੇ ਬਾਅਦ ‘ਚ ਕਾਲਾਂ ਦੀ ਆਮਦ ਨੂੰ ਸੰਭਾਲਣ ‘ਚ ਮਦਦ ਕਰਨ ਲਈ ਰਾਸ਼ਟਰੀ ਪਾਸਪੋਰਟ ਸੂਚਨਾ ਕੇਂਦਰ ‘ਤੇ ਉਪਲੱਬਧ ਲਾਈਨਾਂ ਅਤੇ ਲੋਕਾਂ ਦੀ ਗਿਣਤੀ ‘ਚ ਵਾਧਾ ਕੀਤਾ ਹੈ। ਯਾਤਰਾ ਮਾਹਰ ਅਤੇ ਗੋਇੰਗ ਡਾਟ ਕਾਮ ਦੇ ਬੁਲਾਰੇ ਕੇ.ਟੀ. ਨਾਸਤਰੋ ਨੇ ਦੱਸਿਆ ਹੈ ਕਿ ਪਾਸਪੋਰਟ ਉਡੀਕ ਸਮਾਂ ਇਸ ਸਾਲ ਫਰਵਰੀ ਤੋਂ ਇਕ ਵਾਰ ਨਹੀਂ, ਸਗੋਂ ਦੋ ਵਾਰ ਵਧ ਗਿਆ ਹੈ।
ਵਿਭਾਗ ਨੇ ਕਿਹਾ ਹੈ ਕਿ ਇਸ ਸਾਲ ਕੋਈ ਵੀ ਨਿਸ਼ਚਿਤ ਅੰਤਰਰਾਸ਼ਟਰੀ ਯਾਤਰਾ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਦੀ ਅੰਤਿਮ ਤਾਰੀਖ਼ ਦੀ ਜਾਂਚ ਕਰੋ ਅਤੇ ਜੇਕਰ ਇਸ ਨੂੰ ਨਵਿਆਉਣ ਦੀ ਲੋੜ ਹੈ ਜਾਂ ਜੇਕਰ ਯਾਤਰੀ ਨੂੰ ਪਹਿਲੀ ਵਾਰ ਪਾਸਪੋਰਟ ਲਈ ਅਪਲਾਈ ਕਰਨ ਦੀ ਲੋੜ ਹੈ ਤਾਂ ਛੇਤੀ ਤੋਂ ਛੇਤੀ ਕਾਰਵਾਈ ਕਰੋ। ਪਹਿਲੀ ਵਾਰ ਅਪਲਾਈ ਕਰਨ ਵਾਲੇ ਬਾਲਗਾਂ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਪਲਾਈ ਕਰਨ ਲਈ ਆਪਣੇ ਮਾਤਾ-ਪਿਤਾ ਦੇ ਨਾਲ ਨਿੱਜੀ ਰੂਪ ‘ਚ ਮੌਜੂਦ ਹੋਣਾ ਚਾਹੀਦਾ ਹੈ। ਪਾਸਪੋਰਟ ਸਵੀਕਾਰ ਕਰਨ ਦੀ ਸਹੂਲਤ ਲੱਭਣ ਲਈ ਆਨਲਾਈਨ ਚੈੱਕ ਕਰੋ, ਜਿਸ ‘ਚ ਜਨਤਕ ਲਾਇਬ੍ਰੇਰੀ ਅਤੇ ਡਾਕਖ਼ਾਨਾ ਸ਼ਾਮਲ ਹੋ ਸਕਦੇ ਹਨ।

Leave a comment