#AMERICA

ਅਮਰੀਕਾ ‘ਚ ਬਾਇਓਟੈਕ ਖੇਤਰ ਲਈ ਨਵਾਂ ਬਿੱਲ ਪੇਸ਼

ਵਾਸ਼ਿੰਗਟਨ ਡੀ.ਸੀ., 23 ਮਈ (ਪੰਜਾਬ ਮੇਲ)- ਅਮਰੀਕਾ ਦੇ ਦੋ ਸੰਸਦ ਮੈਂਬਰਾਂ (ਇੱਕ ਰਿਪਬਲਿਕਨ ਅਤੇ ਇੱਕ ਡੈਮੋਕ੍ਰੇਟ) ਨੇ ਇੱਕ ਨਵਾਂ ਮਤਾ ਪੇਸ਼ ਕੀਤਾ ਹੈ। ਇਸ ਮਤੇ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਅਮਰੀਕਾ ਕੋਲ ਬਾਇਓਟੈਕਨਾਲੋਜੀ (ਜੈਵ ਤਕਨਾਲੋਜੀ) ਦੇ ਖੇਤਰ ਵਿਚ ਕੰਮ ਕਰਨ ਲਈ ਲੋੜੀਂਦੇ ਹੁਨਰਮੰਦ ਲੋਕ ਹਨ ਜਾਂ ਨਹੀਂ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਹੁਣ ਭਵਿੱਖ ਦੀਆਂ ਜ਼ਰੂਰੀ ਤਕਨੀਕਾਂ ਦੇ ਮਾਮਲੇ ਵਿਚ ਚੀਨ ਨਾਲ ਆਪਣੀ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਅਤੇ ਪ੍ਰਤੀਨਿਧੀ ਰਿਚ ਮੈਕਕੌਰਮਿਕ ਨੇ ਵੀਰਵਾਰ ਨੂੰ ਮਿਲ ਕੇ ‘ਫੈਡਰਲ ਬਾਇਓਟੈਕਨਾਲੋਜੀ ਵਰਕਫੋਰਸ ਅਸੈਸਮੈਂਟ ਐਕਟ’ ਨਾਮ ਦਾ ਬਿੱਲ ਪੇਸ਼ ਕੀਤਾ। ਇਸ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਅਮਰੀਕੀ ਸਰਕਾਰ ਕੋਲ ਬਾਇਓਟੈਕਨਾਲੋਜੀ ਸੈਕਟਰ ਨੂੰ ਤੇਜ਼ੀ ਨਾਲ ਵਧਾਉਣ ਲਈ ਲੋੜੀਂਦੇ ਅਤੇ ਕੁਸ਼ਲ ਲੋਕ ਮੌਜੂਦ ਹਨ ਜਾਂ ਨਹੀਂ।
ਇਸ ਕਾਨੂੰਨ ਦੇ ਤਹਿਤ, ਆਫਿਸ ਆਫ ਪਰਸਨਲ ਮੈਨੇਜਮੈਂਟ ਐਂਡ ਬਜਟ ਵਿਭਾਗ ਨੂੰ ਹੋਰਨਾਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਇਹ ਤੈਅ ਕਰਨਾ ਹੋਵੇਗਾ ਕਿ ‘ਬਾਇਓ-ਲਿਟਰੇਟ’ ਯਾਨੀ ਬਾਇਓਲੋਜੀ ਅਤੇ ਬਾਇਓਟੈਕ ਸਮਝਣ ਵਾਲੇ ਕਰਮਚਾਰੀਆਂ ਦੀ ਪਰਿਭਾਸ਼ਾ ਕੀ ਹੈ ਅਤੇ ਹੁਣ ਤੇ ਭਵਿੱਖ ਵਿਚ ਕਿੰਨੇ ਲੋਕਾਂ ਦੀ ਲੋੜ ਪਵੇਗੀ।
ਇਨ੍ਹਾਂ ਸੰਸਦ ਮੈਂਬਰਾਂ ਅਨੁਸਾਰ, ਇਸ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਉਸ ਨੂੰ ਕਾਂਗਰਸ (ਸੰਸਦ) ਨੂੰ ਸੌਂਪਿਆ ਜਾਵੇਗਾ। ਇਸ ਰਿਪੋਰਟ ਦੀ ਮਦਦ ਨਾਲ ਅੱਗੇ ਚੱਲ ਕੇ ਭਰਤੀ ਅਤੇ ਸਿਖਲਾਈ (ਟ੍ਰੇਨਿੰਗ) ਦੀਆਂ ਨੀਤੀਆਂ ਬਣਾਈਆਂ ਜਾਣਗੀਆਂ, ਜੋ ਬਾਇਓਟੈਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਐਡਵਾਂਸਡ ਮੈਨੂਫੈਕਚਰਿੰਗ ਨਾਲ ਜੁੜੀਆਂ ਹੋਣਗੀਆਂ। ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਵਾਸ਼ਿੰਗਟਨ ਵਿਚ ਇਹ ਚਿੰਤਾ ਵਧ ਰਹੀ ਹੈ ਕਿ ਅਮਰੀਕਾ ਕਿਤੇ ਚੀਨ ਤੋਂ ਬਾਇਓਟੈਕ, ਏ.ਆਈ. ਅਤੇ ਕੁਆਂਟਮ ਤਕਨਾਲੋਜੀ ਵਰਗੇ ਅਹਿਮ ਖੇਤਰਾਂ ਵਿਚ ਪਿੱਛੇ ਨਾ ਰਹਿ ਜਾਵੇ।
ਦੋਵਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਮਤਾ ਅਪ੍ਰੈਲ 2025 ਵਿਚ ‘ਨੈਸ਼ਨਲ ਸਕਿਊਰਿਟੀ ਕਮਿਸ਼ਨ ਆਨ ਇਮਰਜਿੰਗ ਬਾਇਓਟੈਕਨਾਲੋਜੀ’ (ਐੱਨ.ਐੱਸ.ਸੀ.ਈ.ਬੀ.) ਦੀ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ। ਉਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜੇਕਰ ਅਮਰੀਕਾ ਨੇ ਇਨ੍ਹਾਂ ਉੱਭਰ ਰਹੀਆਂ ਤਕਨੀਕਾਂ ਵਿਚ ਅੱਗੇ ਰਹਿਣਾ ਹੈ, ਤਾਂ ਸਰਕਾਰ ਕੋਲ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਬਾਇਓਟੈਕ ਵਰਕਫੋਰਸ (ਕਰਮਚਾਰੀ) ਹੋਣਾ ਬਹੁਤ ਜ਼ਰੂਰੀ ਹੈ। ਇਹ ਬਿੱਲ, ਰਿਚ ਮੈਕਕੌਰਮਿਕ ਦੇ ‘ਬਾਇਓਟੈਕਨਾਲੋਜੀ ਵਰਕਫੋਰਸ ਅਲਾਈਨਮੈਂਟ ਐਕਟ’ ਨਾਲ ਮਿਲ ਕੇ ਇੱਕ ਵੱਡੇ ਪੈਕੇਜ ਦਾ ਹਿੱਸਾ ਹੈ।
ਰੋ ਖੰਨਾ ਨੇ ਕਿਹਾ ਕਿ ਅਮਰੀਕਾ ਦੀ ਬਾਇਓਟੈਕ ਵਰਕਫੋਰਸ ਵਿਚ ਨਿਵੇਸ਼ ਕਰਨ ਨਾਲ ਦੇਸ਼ ਨੂੰ ਆਰਥਿਕ ਅਤੇ ਵਿਗਿਆਨਕ ਅਗਵਾਈ ਹਾਸਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਇਸ ਬਿੱਲ ਨੂੰ ਰਿਚ ਮੈਕਕੌਰਮਿਕ ਦੇ ਨਾਲ ਮਿਲ ਕੇ ਪੇਸ਼ ਕਰ ਰਹੇ ਹਨ, ਤਾਂ ਜੋ ਅਮਰੀਕਾ ਇਹ ਯਕੀਨੀ ਬਣਾ ਸਕੇ ਕਿ ਉਹ ਬਾਇਓਟੈਕਨਾਲੋਜੀ ਵਿਚ ਚੀਨ ਤੋਂ ਅੱਗੇ ਰਹਿ ਸਕੇ, ਚਾਹੇ ਉਹ ਖੋਜ ਹੋਵੇ, ਨਵੀਨਤਾ (ਇਨੋਵੇਸ਼ਨ) ਹੋਵੇ ਜਾਂ ਉੱਦਮਤਾ (ਐਂਟਰਪ੍ਰਨਿਓਰਸ਼ਿਪ)।
ਮੈਕਕੌਰਮਿਕ ਨੇ ਇਸ ਨੂੰ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਬਾਇਓਟੈਕਨਾਲੋਜੀ ਵਿਚ ਦੁਨੀਆਂ ਵਿਚ ਸਭ ਤੋਂ ਅੱਗੇ ਹੈ ਅਤੇ ਸਾਨੂੰ ਇਸ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜੇ ਸਰਕਾਰ ਬਾਇਓਟੈਕ ਰਿਸਰਚ ਅਤੇ ਮੈਨੂਫੈਕਚਰਿੰਗ ਵਿਚ ਵੱਡੇ ਨਿਵੇਸ਼ ਕਰ ਰਹੀ ਹੈ, ਪਰ ਸਹੀ ਟੈਲੰਟ (ਹੁਨਰ) ਅਤੇ ਲੋਕਾਂ ਦੀ ਕਮੀ ਕਾਰਨ ਪੂਰੀ ਸਮਰੱਥਾ ਦੀ ਵਰਤੋਂ ਨਹੀਂ ਹੋ ਪਾ ਰਹੀ ਹੈ।
ਉਨ੍ਹਾਂ ਦੇ ਮੁਤਾਬਕ, ਇਹ ਕਾਨੂੰਨ ਇਸ ਕਮੀ ਨੂੰ ਦੂਰ ਕਰੇਗਾ ਅਤੇ ਇੱਕ ਸਾਫ਼ ਤਸਵੀਰ ਦੇਵੇਗਾ ਕਿ ਕਿੱਥੇ ਸੁਧਾਰ ਦੀ ਲੋੜ ਹੈ, ਤਾਂ ਜੋ ਅਮਰੀਕਾ ਅੱਗੇ ਵੀ ਦੁਨੀਆਂ ਦੀ ਅਗਵਾਈ ਕਰਦਾ ਰਹੇ।
ਸੰਸਦ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਬਾਇਓਟੈਕਨਾਲੋਜੀ ਵਰਕਫੋਰਸ ਸਿਰਫ਼ ਲੈਬ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ ਤੱਕ ਹੀ ਸੀਮਤ ਨਹੀਂ ਹੈ। ਐੱਨ.ਐੱਸ.ਸੀ.ਈ.ਬੀ. ਦੇ ਕਮਿਸ਼ਨਰ ਪੌਲ ਅਰਕਾਂਗੇਲੀ ਨੇ ਇਸ ਨੂੰ ‘ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਸੰਪਤੀ’ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਵਿਚ ਸਿਰਫ਼ ਲਾਈਫ ਸਾਇੰਟਿਸਟ (ਜੀਵ ਵਿਗਿਆਨੀ) ਹੀ ਨਹੀਂ, ਬਲਕਿ ਉਦਯੋਗਿਕ ਤਕਨੀਸ਼ੀਅਨ, ਮਕੈਨਿਕ, ਪਾਈਪਫਿਟਰ ਅਤੇ ਹੋਰ ਕੁਸ਼ਲ ਕਾਮੇ ਵੀ ਸ਼ਾਮਲ ਹੁੰਦੇ ਹਨ, ਜੋ ਭਵਿੱਖ ਦੀ ਬਾਇਓਟੈਕ ਇੰਡਸਟਰੀ ਨੂੰ ਚਲਾਉਣਗੇ।