#AMERICA

ਡਾ. ਗੁਨੀਸ਼ਾ ਕੌਰ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ‘ਚ ਨਿਯੁਕਤ

ਵਾਸ਼ਿੰਗਟਨ ਡੀ.ਸੀ., 23 ਮਈ (ਪੰਜਾਬ ਮੇਲ)-ਮਨੁੱਖੀ ਅਧਿਕਾਰ ਖੋਜਕਰਤਾ ਅਤੇ ‘ਵੇਲ ਕਾਰਨੇਲ ਮੈਡੀਸਨ ਹਿਊਮਨ ਰਾਈਟਸ ਇਮਪੈਕਟ ਲੈਬ’ ਦੀ ਸੰਸਥਾਪਕ ਨਿਰਦੇਸ਼ਕ ਡਾ. ਗੁਨੀਸ਼ਾ ਕੌਰ ਨੂੰ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂ.ਐੱਸ.ਸੀ.ਆਈ.ਆਰ.ਐੱਫ.) ਵਿਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਿਊਯਾਰਕ ਤੋਂ ਡੈਮੋਕ੍ਰੇਟਿਕ ਸੈਨੇਟਰ ਚਾਰਲਸ ਸ਼ੂਮਰ ਨੇ ਕੀਤੀ ਹੈ। ਡਾ. ਕੌਰ ਇਸ ਕਮਿਸ਼ਨ ਵਿਚ ਸੇਵਾ ਨਿਭਾਉਣ ਵਾਲੀ ਸਿੱਖ ਭਾਈਚਾਰੇ ਦੀ ਪਹਿਲੀ ਮੈਂਬਰ ਬਣ ਗਈ ਹੈ। ਉਨ੍ਹਾਂ ਦੇ ਨਾਮਜ਼ਦਗੀ ਪੱਤਰ ਨੂੰ ‘ਸਿੱਖ ਕੋਲੀਸ਼ਨ’ ਨਾਮਕ ਨਾਗਰਿਕ ਅਧਿਕਾਰ ਸੰਗਠਨ ਨੇ ਕੈਪੀਟਲ ਹਿੱਲ (ਅਮਰੀਕੀ ਸੰਸਦ) ਵਿਚ ਅੱਗੇ ਵਧਾਇਆ ਅਤੇ ਸਮਰਥਨ ਦਿੱਤਾ ਹੈ।
ਡਾ. ਗੁਨੀਸ਼ਾ ਕੌਰ ਐਨਸਥੀਸੀਓਲੋਜੀ ਦੀ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਉਨ੍ਹਾਂ ਲੋਕਾਂ ਦੀ ਸਿਹਤ ਅਤੇ ਮਨੁੱਖੀ ਅਧਿਕਾਰ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਨੂੰ ਧਾਰਮਿਕ ਪਛਾਣ, LGBTQ+ ਪਛਾਣ ਜਾਂ ਘੱਟਗਿਣਤੀ ਹੋਣ ਕਾਰਨ ਅੱਤਿਆਚਾਰ ਸਹਿਣਾ ਪਿਆ ਹੈ। ਇਨ੍ਹਾਂ ਵਿਚ ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲੇ ਲੋਕ ਵੀ ਸ਼ਾਮਲ ਹਨ। ਉਨ੍ਹਾਂ ਨੇ ਨਿਊਰੋਸਾਇੰਸ ਰਿਸਰਚ ਦੇ ਆਪਣੇ ਤਜ਼ਰਬੇ ਦੀ ਵਰਤੋਂ ਮਨੁੱਖੀ ਅਧਿਕਾਰ ਦੇ ਅਧਿਐਨ ਲਈ ਵਿਗਿਆਨਕ ਤਰੀਕੇ ਵਿਕਸਿਤ ਕਰਨ ਵਿਚ ਕੀਤੀ ਹੈ। ਉਨ੍ਹਾਂ ਦੀ ਖੋਜ ਨੂੰ ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ, ਫਾਊਂਡੇਸ਼ਨ ਫਾਰ ਐਨਸਥੀਸੀਆ ਐਜੂਕੇਸ਼ਨ ਐਂਡ ਰਿਸਰਚ, ਨੈਸ਼ਨਲ ਅਕੈਡਮੀ ਆਫ਼ ਮੈਡੀਸਨ ਅਤੇ ਕਾਰਨੇਲ ਯੂਨੀਵਰਸਿਟੀ ਵਰਗੇ ਸੰਸਥਾਵਾਂ ਦਾ ਸਮਰਥਨ ਮਿਲਿਆ ਹੈ।