ਨਵੀਂ ਦਿੱਲੀ, 16 ਜੂਨ (ਪੰਜਾਬ ਮੇਲ)- ਭਾਰਤ ਖਿਲਾਫ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੁਕਾਬਲੇ ‘ਚ ਪਾਕਿਸਤਾਨ ਨੂੰ ਦੋਹਰਾ ਝਟਕਾ ਲੱਗਾ ਹੈ। ਇਕ ਪਾਸੇ ਟੀਮ ਨੂੰ ਮੈਦਾਨ ‘ਤੇ 64 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਦੂਜੇ ਪਾਸੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ.ਸੀ.ਸੀ.) ਨੇ ਹੌਲੀ ਓਵਰ ਰੇਟ ਲਈ ਉਸ ‘ਤੇ ਜੁਰਮਾਨਾ ਠੋਕਿਆ ਹੈ।
ਆਈ.ਸੀ.ਸੀ. ਨੇ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੀ ਟੀਮ ਤੈਅ ਸਮੇਂ ‘ਚ ਆਪਣੇ ਓਵਰ ਪੂਰੇ ਨਹੀਂ ਕਰ ਸਕੀ ਸੀ। ਸਮੇਂ ਸੰਬੰਧੀ ਸਾਰੀਆਂ ਛੋਟਾਂ ਨੂੰ ਧਿਆਨ ‘ਚ ਰੱਖਣ ਤੋਂ ਬਾਅਦ ਵੀ ਪਾਕਿਸਤਾਨ ਇਕ ਓਵਰ ਪਿੱਛੇ ਪਾਇਆ ਗਿਆ। ਇਸਦੇ ਚਲਦੇ ਆਈ.ਸੀ.ਸੀ. ਮੈਚ ਰੈਫਰੀ ਟਰੂਡੀ ਐਂਡਰਸਨ ਨੇ ਟੀਮ ‘ਚੇ ਮੈਚ ਫੀਚਰ ਦਾ 5 ਫੀਸਦੀ ਜੁਰਮਾਨਾ ਲਗਾਇਆ।
ਆਈ.ਸੀ.ਸੀ. ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਲਈ ਕੋਡ ਆਫ ਕੰਡਕਟ ਦੀ ਧਾਰਾ 2.22 ਦੇ ਅਨੁਸਾਰ ਘੱਟੋ-ਘੱਟ ਓਵਰ-ਰੇਟ ਨੂੰ ਬਣਾਈ ਰੱਖਣ ਵਿਚ ਅਸਫਲ ਰਹਿਣ ‘ਤੇ ਖਿਡਾਰੀਆਂ ‘ਤੇ ਪ੍ਰਤੀ ਓਵਰ ਉਨ੍ਹਾਂ ਦੀ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਮੈਚ ਦੌਰਾਨ ਆਨ-ਫੀਲਡ ਅੰਪਾਇਰ ਕਲੇਅਰ ਪੋਲੋਸਾਕ ਅਤੇ ਜੈਕੁਲੀਨ ਵਿਲੀਅਮਸ, ਥਰਡ ਅੰਪਾਇਰ ਐਲੋਇਸ ਸ਼ੇਰੀਡਨ ਅਤੇ ਫੋਰਥ ਅੰਪਾਇਰ ਸੂ ਰੇਡਫਰਨ ਨੇ ਇਹ ਦੋਸ਼ ਲਗਾਇਆ ਸੀ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਗਲਤੀ ਸਵੀਕਾਰ ਕਰਦੇ ਹੋਏ ਪ੍ਰਸਤਾਵਿਤ ਸਜ਼ਾ ਨੂੰ ਵੀ ਮੰਨ ਲਿਆ। ਇਸਤੋਂ ਬਾਅਦ ਮਾਮਲੇ ‘ਚ ਕਿਸੇ ਓਪਚਾਰਿਕ ਸੁਣਵਾਈ ਦੀ ਲੋੜ ਨਹੀਂ ਰਹੀ।
ਮਹਿਲਾ ਟੀ-20 ਵਿਸ਼ਵ ਕੱਪ: ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਫਿਰ ਆਈ.ਸੀ.ਸੀ. ਨੇ ਠੋਕਿਆ ਜੁਰਮਾਨਾ!

