ਪਾਲਮਪੁਰ, 12 ਅਪ੍ਰੈਲ (ਪੰਜਾਬ ਮੇਲ)- ਹਿਮਾਚਲ ਸੈਰ-ਸਪਾਟ ਵਿਭਾਗ ਨੇ ਅੱਜ ਬੀੜ ਬਿਲਿੰਗ ਵਿਚ ਚੱਲ ਰਹੇ ਸਾਰੇ ਗੈਰ-ਕਾਨੂੰਨੀ (ਬਿਨਾ ਰਜਿਸਟਰੇਸ਼ਨ ਤੋਂ) ਪੈਰਾਗਲਾਈਡਿੰਗ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਜ਼ਿਲ੍ਹਾ ਸੈਰ-ਸਪਾਟਾ ਵਿਕਾਸ ਅਧਿਕਾਰੀ ਵਿਨੈ ਧੀਮਾਨ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ। ਇਸ ਮੀਟਿੰਗ ਵਿਚ ਐੱਸ.ਡੀ.ਐੱਮ. ਬੈਜਨਾਥ ਵੀ ਮੌਜੂਦ ਸਨ। ਉਹ ਵਿਸ਼ੇਸ਼ ਖੇਤਰ ਵਿਕਾਸ (ਐੱਸ.ਏ.ਡੀ.) ਦੇ ਚੇਅਰਮੈਨ ਵੀ ਹਨ। ਮੀਟਿੰਗ ਵਿਚ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਹੋਰ ਹਿੱਤਧਾਰਕ ਵੀ ਸ਼ਾਮਲ ਹੋਏ।
ਧੀਮਾਨ ਨੇ ਬੀੜ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਐਡਵੈਂਚਰ ਖੇਡਾਂ ਨੂੰ ਰੈਗੂਲੇਟ ਕਰਨ ਲਈ ਨਵੇਂ ਨਿਯਮ ਬਣਾਏ ਜਾਣ ਤੱਕ ਬੀੜ ਬਿਲਿੰਗ ਵਿਚ ਕਿਸੇ ਵੀ ਨਿੱਜੀ ਪੈਰਗਲਾਈਡਿੰਗ ਸਿਖਲਾਈ ਸਕੂਲ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਸਕੂਲਾਂ ਦੇ ਮਾਲਕਾਂ ਨੂੰ ਆਪੋ-ਆਪਣੀਆਂ ਵੈੱਬਸਾਈਟਾਂ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।