ਫਗਵਾੜਾ, 2 ਨਵੰਬਰ (ਪੰਜਾਬ ਮੇਲ)- ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਸਮਰਪਿਤ ਲੇਖਕ ਅਤੇ ਕਵੀ ਸਤਿਨਾਮ ਮਾਣਕ ਦਾ ਨਵਾਂ ਕਵਿਤਾ ਸੰਗ੍ਰਹਿ ‘ਅਹਿਸਾਸ’ ਹੁਣੇ ਜਿਹੇ ਪ੍ਰਕਾਸ਼ਤ ਹੋ ਕੇ ਸਾਹਮਣੇ ਆਇਆ ਹੈ। ਇਹ ਪੁਸਤਕ ਮਾਣਕ ਜੀ ਦੇ ਜ਼ਿੰਦਗੀ ਦੇ ਡੂੰਘੇ ਤਜ਼ਰਬਿਆਂ ਅਤੇ ਸੰਵੇਦਨਸ਼ੀਲ ਅਹਿਸਾਸਾਂ ਦਾ ਅਜਿਹਾ ਪ੍ਰਗਟਾਵਾ ਹੈ, ਜੋ ਅੱਜ ਦੇ ਸਮੇਂ ਦੇ ਕੜਵੇ ਸੱਚ ਨੂੰ ਬੜੀ ਤੀਬਰਤਾ ਨਾਲ ਪੇਸ਼ ਕਰਦਾ ਹੈ।
ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਪੱਤਰਕਾਰੀ ਖੇਤਰ ਦੀਆਂ ਰਚਨਾਵਾਂ ਵਕਤੀ ਹੁੰਦੀਆਂ ਹਨ ਅਤੇ ਲੇਖਕ ਬਹੁਤ ਥੋੜ੍ਹੇ ਸਮੇਂ ਲਈ ਚਰਚਾ ਵਿਚ ਰਹਿੰਦੇ ਹਨ, ਪਰ ਸਤਿਨਾਮ ਮਾਣਕ ਨੇ ਆਪਣੀ ਸੂਖਮ ਵਿਚਾਰਧਾਰਾ ਨਾਲ ਇਸ ਧਾਰਨਾ ਨੂੰ ਵੱਖਰਾ ਮੋੜ ਦਿੱਤਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਅੰਤਾਂ ਦਾ ਮੋਹ ਰੱਖਣ ਵਾਲੇ ਮਾਣਕ ਜੀ ਨੇ ਜ਼ਿੰਦਗੀ ਵੱਖ-ਵੱਖ ਪੱਖਾਂ ਨੂੰ ਕਵਿਤਾ ਰਾਹੀਂ ਬਹੁਤ ਹੀ ਖੂਬਸੂਰਤ ਢੰਗ ਨਾਲ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦੀਆਂ ਕਈ ਕਵਿਤਾਵਾਂ ਅਤੇ ਗਜ਼ਲਾਂ ਨੂੰ ਨਾਮਵਰ ਗਾਇਕਾਂ ਅਤੇ ਲੇਖਕਾਂ ਦੁਆਰਾ ਗਾਇਆ ਵੀ ਜਾ ਚੁੱਕਾ ਹੈ।
ਪੰਜਾਬੀ ਵਿਰਸਾ ਟਰੱਸਟ ਦੇ ਮੁੱਖ ਪ੍ਰਬੰਧਕ ਅਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਨਾਮ ਮਾਣਕ ਦੇ ਇਸ ਨਵੇਂ ਕਾਵਿ-ਸੰਗ੍ਰਹਿ ‘ਅਹਿਸਾਸ’ ਦਾ ਸਾਹਿਤਕ ਜਗਤ ਵਿਚ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਪੰਜਾਬੀ ਦੇ ਸਿਰਮੌਰ ਲੇਖਕਾਂ ਅਤੇ ਸਾਹਿਤਕਾਰਾਂ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਪੁਸਤਕ ਨੂੰ ਬਕਾਇਦਾ ਤੌਰ ‘ਤੇ ਲੋਕ-ਅਰਪਣ ਕੀਤਾ ਜਾਵੇਗਾ। ਇਹ ਪੁਸਤਕ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੈ।
ਸਤਿਨਾਮ ਮਾਣਕ ਦਾ ਨਵਾਂ ਕਾਵਿ-ਸੰਗ੍ਰਹਿ ‘ਅਹਿਸਾਸ’ ਲੋਕ-ਅਰਪਣ ਲਈ ਤਿਆਰ

