#CANADA

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, 11 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ ਸ਼ਾਮਿਲ ਹੋਏ। ਇਹ ਕਮੇਟੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਸਰਗਰਮ ਸਿੱਖਾਂ ਨੂੰ ਵੀ ਮਿਲੇ ਤੇ ਉਹਨਾਂ ਨਾਲ ਡੂੰਘੀਆਂ ਵਿਚਾਰਾਂ ਕੀਤੀਆਂ।
ਇਹ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਕੈਨੇਡਾ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਕਮੇਟੀ ਆਗੂਆਂ ਦੇ ਪੁੱਛਣ ‘ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਹੋਰਨਾਂ ਆਗੂਆਂ ਨੇ ਉਨ੍ਹਾਂ ਦੇ ਸੰਘਰਸ਼ ਵਿਚ ਸਾਥ ਦੇ ਰਹੀਆਂ ਸਿੱਖ ਜਥੇਬੰਦੀਆਂ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਬਾਰੇ ਦੱਸਿਆ ਕਿ ਬਹੁਤ ਘੱਟ ਜਥੇਬੰਦੀਆਂ ਸਾਥ ਦੇ ਰਹੀਆਂ ਹਨ। ਸਿਰਫ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਹੀ ਪੂਰਨ ਸਾਥ ਦੇ ਰਹੀ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਅਤੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਹੋਰ ਕੋਈ ਵੀ ਆਗੂ ਇਹਨਾਂ ਸਿੱਖਾਂ ਦੀ ਰਿਹਾਈ ਮੋਰਚੇ ਵਿੱਚ ਨਹੀਂ ਪਹੁੰਚ ਰਿਹਾ।
ਸਤਿਕਾਰ ਕਮੇਟੀ ਮੈਂਬਰਾਂ ਵਿਚ ਭਾਈ ਰੇਸ਼ਮ ਸਿੰਘ ਖੁਖਰਾਣਾ, ਸੁਰਿੰਦਰਪਾਲ ਸਿੰਘ ਤਾਜਪੁਰ ਅੰਮ੍ਰਿਤਸਰ, ਸਤਵੰਤ ਸਿੰਘ ਮਾਣਕ, ਹਰਜਿੰਦਰ ਸਿੰਘ ਕੋਟਲਾ, ਚਰਨ ਸਿੰਘ ਚੀਮਾ, ਦਾਰਾ ਸਿੰਘ, ਬਲਵੀਰ ਸਿੰਘ ਕੜਿਆਲ, ਕਿਰਨਜੋਤ ਸਿੰਘ ਕਾਹਨ ਸਿੰਘ ਵਾਲਾ, ਨਿਰਭੈ ਸਿੰਘ ਭਿੰਡਰਕਲਾਂ ਅਤੇ ਮੋਰਚੇ ਦੇ ਸਰਗਰਮ ਆਗੂਆਂ ਨੇ ਸਿੰਘਾਂ ਦੀ ਰਿਹਾਈ ਬਾਰੇ ਵਿਚਾਰਾਂ ਕੀਤੀਆਂ। ਸਤਿਕਾਰ ਕਮੇਟੀ ਦੇ ਆਗੂਆਂ ਵਿੱਚ ਭਾਈ ਹਰਨੇਕ ਸਿੰਘ ਧਰਮਕੋਟ, ਕਰਤਾਰ ਸਿੰਘ ਧਰਮਕੋਟ ਵੀ ਸ਼ਾਮਿਲ ਸਨ। ਇਹਨਾਂ ਆਗੂਆਂ ਨੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਅਤੇ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਰਿਹਾਈ ਤੱਕ ਉਹ ਮੋਰਚੇ ਦਾ ਸਾਥ ਦੇਣਗੇ।