#EUROPE

ਜਰਮਨੀ ਤੋਂ ਭਾਰਤ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਯਾਤਰੀਆਂ ਦੇ ਸੁੱਕੇ ਸਾਹ

ਫਰੈਂਕਫਰਟ, 13 ਜੂਨ (ਪੰਜਾਬ ਮੇਲ)-ਯੂਰਪੀ ਦੇਸ਼ ਜਰਮਨੀ ਦੇ ਫ੍ਰੈਂਕਫਰਟ ਏਅਰਪੋਰਟ ਤੋਂ ਭਾਰਤ ਦੇ ਹੈਦਰਾਬਾਦ ਆ ਰਹੀ ਲੁਫਥਾਂਸਾ ਏਅਰਲਾਈਨ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਸਵਾਰ ਯਾਤਰੀਆਂ ‘ਚ ਖ਼ੌਫ਼ ਛਾ ਗਿਆ।
ਹਾਲਾਂਕਿ ਧਮਕੀ ਮਗਰੋਂ ਏਅਰਪੋਰਟ ਅਧਿਕਾਰੀ ਜਹਾਜ਼ ਦੇ ਕਰੂ ਮੈਂਬਰਾਂ ਨਾਲ ਸੰਪਰਕ ‘ਚ ਹਨ ਤੇ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 16 ਮਈ ਨੂੰ ਵੀ ਹੈਦਰਾਬਾਦ ਆ ਰਹੇ ਇਕ ਜਹਾਜ਼ ਨੂੰ ਧਮਕੀ ਮਿਲੀ ਸੀ, ਜੋ ਕਿ ਜਾਂਚ ਤੋਂ ਬਾਅਦ ਝੂਠੀ ਅਫ਼ਵਾਹ ਹੀ ਨਿਕਲੀ। ਏਅਰਪੋਰਟ ਅਧਿਕਾਰੀਆਂ ਮੁਤਾਬਕ ਈਮੇਲ ਰਾਹੀਂ ਇਹ ਧਮਕੀ ਸ਼ਾਮ ਕਰੀਬ 6.30 ਵਜੇ ਭੇਜੀ ਗਈ ਸੀ, ਜਿਸ ਮਗਰੋਂ ਸੁਰੱਖਿਆ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਏਅਰਪੋਰਟ ‘ਤੇ ਅਲਰਟ ਜਾਰੀ ਕਰ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ। ਜਾਂਚ ਦੌਰਾਨ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ ਤੇ ਇਹ ਮਹਿਜ਼ ਇਕ ਅਫਵਾਹ ਨਿਕਲੀ।