#EUROPE

ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐੱਮ. ਮੋਦੀ ਤੇ ਰਾਸ਼ਟਰਪਤੀ ਟਰੰਪ ਦੀ ਹੋਵੇਗੀ ਮੁਲਾਕਾਤ

ਪੈਰਿਸ, 13 ਜੂਨ (ਪੰਜਾਬ ਮੇਲ)- ਆਗਾਮੀ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਵੇਗੀ। ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਕੀਤੀ ਹੈ। ਵ੍ਹਾਈਟ ਹਾਊਸ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੀ ਇਹ ਮੁਲਾਕਾਤ ਫਰਾਂਸ ਵਿਚ ਹੋਵੇਗੀ, ਜਿੱਥੇ ਅਗਲੇ ਹਫ਼ਤੇ ਜੀ-7 ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਦੱਸ ਦਈਏ ਕਿ ਦੋਵੇਂ ਨੇਤਾ ਫਰਵਰੀ 2025 ਦੀ ਮੁਲਾਕਾਤ ਤੋਂ 16 ਮਹੀਨਿਆਂ ਬਾਅਦ ਮਿਲ ਰਹੇ ਹਨ।
ਪੀ.ਐੱਮ. ਮੋਦੀ ਇਨ੍ਹੀਂ ਦਿਨੀਂ ਫਰਾਂਸ ਅਤੇ ਸਲੋਵਾਕੀਆ ਦੀ ਇੱਕ ਹਫ਼ਤੇ ਦੀ ਯਾਤਰਾ ‘ਤੇ ਹਨ। ਇਸ ਦੌਰਾਨ ਉਹ ਫਰਾਂਸ ਵਿਚ ਆਯੋਜਿਤ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਇੱਥੇ ਉਹ ਵੱਖ-ਵੱਖ ਦੁਵੱਲੇ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵਿਸ਼ਵ ਨੇਤਾਵਾਂ ਨਾਲ ਚਰਚਾ ਵੀ ਕਰਨਗੇ। ਪੀ.ਐੱਮ. ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਭਾਰਤ ਦੀ ਰਣਨੀਤਕ ਦੂਰਅੰਦੇਸ਼ੀ ਵਿਚ ਫਰਾਂਸ ਦਾ ਇੱਕ ਵਿਸ਼ੇਸ਼ ਸਥਾਨ ਹੈ, ਜਦੋਂਕਿ ਸਲੋਵਾਕੀਆ ਦੀ ਉਨ੍ਹਾਂ ਦੀ ਯਾਤਰਾ ਇੱਕ ਇਤਿਹਾਸਕ ਮੀਲ ਦਾ ਪੱਥਰ ਹੈ। ਇਹ ਦੋਵਾਂ ਦੇਸ਼ਾਂ ਦੇ ਵਿਚਕਾਰ ਵਧਦੇ ਸਬੰਧਾਂ ਨੂੰ ਹੋਰ ਅੱਗੇ ਵਧਾਏਗੀ।
ਈਰਾਨ ਨਾਲ ਜਾਰੀ ਤਣਾਅ ਦੇ ਵਿਚਕਾਰ ਡੋਨਾਲਡ ਟਰੰਪ ਅਗਲੇ ਹਫ਼ਤੇ ਫਰਾਂਸ ਵਿਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਇੱਥੇ ਉਹ ਆਪਣੇ ਸਹਿਯੋਗੀਆਂ ਨਾਲ ਹੋਰਮੁਜ਼ ਸਟ੍ਰੇਟ ਤੋਂ ਬਾਰੂਦੀ ਸੁਰੰਗਾਂ ਹਟਾਉਣ ਦੀਆਂ ਯੋਜਨਾਵਾਂ ‘ਤੇ ਚਰਚਾ ਕਰ ਸਕਦੇ ਹਨ। ਜੀ-7 ਦੇ ਮੈਂਬਰ ਬ੍ਰਿਟੇਨ ਅਤੇ ਫਰਾਂਸ ਦੋਵਾਂ ਨੇ ਹੀ ਜੰਗਬੰਦੀ ਤੋਂ ਬਾਅਦ ਇਸ ਮਹੱਤਵਪੂਰਨ ਜਲਮਾਰਗ ਤੋਂ ਬਾਰੂਦੀ ਸੁਰੰਗਾਂ ਹਟਾਉਣ ਵਿਚ ਸਹਾਇਤਾ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਅਧਿਕਾਰੀਆਂ ਮੁਤਾਬਕ ਟਰੰਪ ਸਿਖਰ ਸੰਮੇਲਨ ਦੌਰਾਨ ਮਿਸਰ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।