#CANADA

ਚੋਣਾਂ ‘ਚ ਵਿਦੇਸ਼ੀ ਦਖਲ ਦੇ ਮੁੱਦੇ ‘ਤੇ ਬਹੁਗਿਣਤੀ ਐੱਮ.ਪੀਜ਼ ਵੱਲੋਂ ਜੌਹਨਸਟਨ ਤੋਂ ਅਸਤੀਫਾ ਦੇਣ ਦੀ ਮੰਗ

ਓਟਵਾ, 1 ਜੂਨ (ਪੰਜਾਬ ਮੇਲ)- ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮੁੱਦੇ ਨਾਲ ਸਹੀ ਢੰਗ ਨਾਲ ਸਰਕਾਰ ਵੱਲੋਂ ਨਜਿੱਠਿਆ ਜਾ ਰਿਹਾ ਹੈ। ਇਸ ਦਾ ਕੈਨੇਡੀਅਨਜ਼ ਨੂੰ ਭਰੋਸਾ ਦਿਵਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁੱਧਵਾਰ ਨੂੰ ਉਸ ਸਮੇਂ ਢਾਹ ਲੱਗੀ, ਜਦੋਂ ਹਾਊਸ ਆਫ ਕਾਮਨਜ਼ ਵਿਚ ਬਹੁਗਿਣਤੀ ਐੱਮ.ਪੀਜ਼ ਵੱਲੋਂ ਸਪੈਸ਼ਲ ਰੈਪੋਰਟਰ ਨਿਯੁਕਤ ਕੀਤੇ ਗਏ ਡੇਵਿਡ ਜੌਹਨਸਟਨ ਨੂੰ ਇਸ ਅਹੁਦੇ ਤੋਂ ਪਾਸੇ ਹੋਣ ਦੇ ਹੱਕ ਵਿਚ ਵੋਟ ਪਾਈ ਗਈ। ਇਸ ਤਰ੍ਹਾਂ ਦੀ ਮੰਗ ਜੌਹਨਸਟਨ ਵੱਲੋਂ ਫੌਰੀ ਖਾਰਜ ਕਰ ਦਿੱਤੀ ਗਈ।
ਸਪੈਸ਼ਲ ਰੈਪੋਰਟਰ ਦੀ ਭੂਮਿਕਾ ਤੋਂ ਖੁਦ ਨੂੰ ਵੱਖ ਕਰਨ ਦੀ ਮੰਗ ਲਈ ਐੱਨ. ਡੀ. ਪੀ. ਵੱਲੋਂ ਮਤਾ ਲਿਆਂਦਾ ਗਿਆ ਤੇ ਵਿਰੋਧੀ ਧਿਰਾਂ ਦੇ ਐੱਮ. ਪੀਜ਼ ਵੱਲੋਂ ਰਲ ਕੇ ਇਸ ਦੇ ਹੱਕ ਵਿਚ ਵੋਟ ਪਾਈ ਗਈ। ਇਹ ਮਤਾ 150 ਦੇ ਮੁਕਾਬਲੇ 174 ਵੋਟਾਂ ਨਾਲ ਪਾਸ ਹੋਇਆ। ਇਸ ਮਤੇ ਵਿਚ ਇਹ ਵੀ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਬਿਨਾਂ ਦੇਰੀ ਦੇ ਇਸ ਮਾਮਲੇ ਵਿਚ ਜਨਤਕ ਜਾਂਚ ਸ਼ੁਰੂ ਕਰਾਵੇ। ਹਾਲਾਂਕਿ ਇਹ ਕਦਮ ਸੰਕੇਤਾਤਮਕ ਸੀ ਤੇ ਇਸ ਨਾਲ ਜੌਹਨਸਟਨ ਦੇ ਅਹੁਦੇ ਨੂੰ ਕੋਈ ਖਤਰਾ ਖੜ੍ਹਾ ਨਹੀਂ ਹੋਣ ਵਾਲਾ ਪਰ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਆਸ ਕਰਦੇ ਹਨ ਕਿ ਇਸ ਨਾਲ ਟਰੂਡੋ ਨੂੰ ਇਹ ਸੰਕੇਤ ਮਿਲ ਗਿਆ ਹੋਵੇਗਾ ਕਿ ਹਾਊਸ ਆਫ ਕਾਮਨਜ਼ ਦਾ ਜੌਹਨਸਟਨ ‘ਤੇ ਕੋਈ ਭਰੋਸਾ ਨਹੀਂ ਰਿਹਾ।
ਉਨ੍ਹਾਂ ਆਖਿਆ ਕਿ ਜੌਹਨਸਟਨ ਇਸ ਅਹੁਦੇ ‘ਤੇ ਬਣੇ ਰਹਿਣ ਇਸ ਦਾ ਕੋਈ ਕਾਰਨ ਨਹੀਂ ਰਹਿ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਜੌਹਨਸਟਨ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਹੀ ਇਥੇ ਸਵਾਲ ਕੀਤਾ ਜਾ ਰਿਹਾ ਹੈ ਪਰ ਪੱਖਪਾਤ ਦੀ ਭਾਵਨਾ ਇੰਨੀ ਜ਼ਿਆਦਾ ਤੇਜ਼ ਹੈ ਕਿ ਜੌਹਨਸਟਨ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਫਿਰ ਸਕਦਾ ਹੈ।

Leave a comment