#AMERICA #PUNJAB

ਐਡਵੋਕੇਟ ਧਾਮੀ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਵਫ਼ਦ ਨੇ ਯੂਬਾ ਸਿਟੀ ਵਿਖੇ ਸਥਾਨਕ ਸਿੱਖ ਆਗੂਆਂ ਨਾਲ ਕੀਤੀ ਇਕੱਤਰਤਾ

ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ‘ਚ ਸਿੱਖ ਮਿਸ਼ਨ ਤੇ ਪ੍ਰੈੱਸ ਸਮੇਤ ਹੋਰ ਕਾਰਜ ਜਲਦ ਮੁਕੰਮਲ ਕੀਤੇ ਜਾਣਗੇ : ਐਡਵੋਕੇਟ ਧਾਮੀ
ਯੂਬਾ ਸਿਟੀ/ਅੰਮ੍ਰਿਤਸਰ, 12 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਅਮਰੀਕਾ ਪੁੱਜੇ ਉੱਚ ਪੱਧਰੀ ਵਫ਼ਦ ਨੇ ਸ. ਦੀਦਾਰ ਸਿੰਘ ਬੈਂਸ ਦੇ ਘਰ ਸਥਾਨਕ ਸਿੱਖ ਆਗੂਆਂ ਅਤੇ ਪੰਜਾਬੀ ਭਾਈਚਾਰੇ ਨਾਲ ਇਕੱਤਰਤਾ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਧਰਮ ਪ੍ਰਚਾਰ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਵੱਸਦੇ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ ਦੇ ਬਲ ‘ਤੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਇਨ੍ਹਾਂ ਦੇਸ਼ਾਂ ਦੇ ਵਿਕਾਸ ਵਿਚ ਵੀ ਜ਼ਿਕਰਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਅੰਦਰ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਯਤਨ ਵੀ ਸ਼ਲਾਘਾਯੋਗ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਸਿੱਖ ਮਿਸ਼ਨ ਕਾਰਜਸ਼ੀਲ ਹਨ, ਉਥੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਅਤੇ ਖ਼ਾਸਕਰ ਨੌਜਵਾਨ ਪੀੜ੍ਹੀ ਨੂੰ ਗੁਰਮਤਿ, ਸਿੱਖ ਇਤਿਹਾਸ ਤੇ ਆਪਣੇ ਵਿਰਸੇ ਨਾਲ ਜੋੜਨ ਲਈ ਅਮਰੀਕਾ ਦੇ ਯੂਬਾ ਸਿਟੀ ਵਿਖੇ ਸਿੱਖ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਕਾਰਜ ਲਈ ਸਵਰਗੀ ਸ. ਦੀਦਾਰ ਸਿੰਘ ਬੈਂਸ ਨੇ ਆਪਣੇ ਵੱਲੋਂ 14.5 ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਮਿਸ਼ਨ, ਪ੍ਰੈੱਸ ਤੇ ਗੁਰਮਤਿ ਵਿਦਿਆਲਾ ਖੋਲ੍ਹੇ ਜਾਣ ਦੇ ਕਾਰਜ ਲਈ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ ਅਤੇ ਆਰਕੀਟੈਕਟਾਂ ਤੋਂ ਨਕਸ਼ੇ ਤਿਆਰ ਕਰਵਾਏ ਜਾ ਰਹੇ ਹਨ ਤੇ ਸੰਗਤਾਂ ਦੇ ਸਹਿਯੋਗ ਨਾਲ ਜਲਦ ਇਸ ਕਾਰਜ ਦੀ ਆਰੰਭਤਾ ਕਰ ਦਿੱਤੀ ਜਾਵੇਗੀ। ਇਸ ਕਾਰਜ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਦੇ ਨਾਤੇ ਵਿਸ਼ਵ ਭਰ ‘ਚ ਵਸਦੀਆਂ ਸਿੱਖ ਸੰਗਤਾਂ ਨਾਲ ਮਜ਼ਬੂਤ ਰਾਬਤਾ ਬਨਾਉਣ ਲਈ ਵਚਨਬੱਧ ਹੈ ਅਤੇ ਅਮਰੀਕਾ ਵਿਚ ਖੋਲ੍ਹਿਆ ਜਾਣ ਵਾਲਾ ਸਿੱਖ ਮਿਸ਼ਨ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਸਥਾਨਕ ਸਿੱਖ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਮਜ਼ਬੂਤ ਪੁੱਲ ਦਾ ਕੰਮ ਕਰੇਗਾ। ਉਨ੍ਹਾਂ ਸਥਾਨਕ ਸੰਗਤਾਂ ਤੋਂ ਭਰਵੇਂ ਸਹਿਯੋਗ ਦੀ ਆਸ ਪ੍ਰਗਟਾਈ। ਸਥਾਨਕ ਸਿੱਖ ਆਗੂਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਪੰਥਕ ਅਤੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓ.ਐੱਸ.ਡੀ. ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕਰਮਦੀਪ ਸਿੰਘ ਬੈਂਸ (ਕਾਊਂਟੀ ਸੁਪਰਵਾਈਜ਼ਰ), ਅਮਰੀਕਾ ਨਿਵਾਸੀ ਦਿਲਬਾਗ ਸਿੰਘ ਬੈਂਸ, ਅਜੀਤ ਸਿੰਘ ਬੈਂਸ, ਕੇਵਲ ਸਿੰਘ ਨਾਗਰਾ, ਲਖਬੀਰ ਸਿੰਘ ਨਾਗਰਾ, ਹਰਜੀਤ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਨਰਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਅਟਵਾਲ, ਅਮਰਜੀਤ ਸਿੰਘ ਸੰਘਾ, ਕੁਲਤਾਰ ਸਿੰਘ ਅਟਵਾਲ, ਹਰਭਜਨ ਸਿੰਘ ਸੰਧੂ, ਦਲਬੀਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਿਹਲਾ, ਸੁਖਜੀਵਨ ਸਿੰਘ ਬਿਹਲਾ, ਜੋਗਿੰਦਰ ਸਿੰਘ ਨਿੱਜਰ, ਰੇਸ਼ਮ ਸਿੰਘ ਪੁਰੇਵਾਲ, ਦਲਬੀਰ ਸਿੰਘ ਗਿੱਲ, ਸੁਰਜੀਤ ਸਿੰਘ ਸੰਘਾ, ਕਮਲ ਸਿੰਘ ਧਾਰੀਵਾਲ, ਇੰਦਰਜੀਤ ਸਿੰਘ ਕਲਟ, ਅਜੀਤ ਸਿੰਘ ਬੈਂਸ, ਪਾਉਲ ਸਿੰਘ ਬੱਲ, ਸੁਰਿੰਦਰ ਸਿੰਘ ਧਾਮੀ, ਬਿੱਕਰ ਸਿੰਘ ਧਾਮੀ ਅਤੇ ਹੋਰ ਮੌਜੂਦ ਸਨ।