ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਸੈਨੇਟ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ (ਸੀ.ਐੱਸ.ਯੂ.) ਵਿਵਸਥਾ ਵਿਚ ਪਹਿਲਾ ਜਨਤਕ ਲਾਅ ਸਕੂਲ ਖੋਲ੍ਹਣ ਲਈ ਸੈਨੇਟਰ ਡੇਵ ਕੋਰਟਸੀ ਵੱਲੋਂ ਪੇਸ਼ ਐੱਸ.ਬੀ. 550 ਬਿੱਲ ਪਾਸ ਕਰ ਦਿੱਤਾ ਹੈ। ਜੇਕਰ ਵਿਧਾਨ ਸਭਾ ਵੱਲੋਂ ਇਸ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ, ਤਾਂ ਸੈਨਹੋਜ਼ੇ ਸਟੇਟ ਯੂਨੀਵਰਸਿਟੀ ਵਿਖੇ ਲਾਅ ਸਕੂਲ ਖੋਲ੍ਹਣ ਲਈ ਰਾਹ ਪੱਧਰਾ ਹੋ ਜਾਵੇਗਾ। ਸਾਂਤਾ ਕਲਾਰਾ ਕਾਊਂਟੀ ਜੋ ਤਕਰੀਬਨ 20 ਲੱਖ ਲੋਕਾਂ ਦਾ ਘਰ ਹੈ, ਵਿਚ ਲਾਅ ਸਕੂਲ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕਾਊਂਟੀ ਵਿਚ 65% ਤੋਂ ਵਧ ਆਬਾਦੀ ਏਸ਼ੀਅਨਾਂ ਤੇ ਲਾਤੀਨੋ ਭਾਈਚਾਰੇ ਦੀ ਹੈ। ਇਨ੍ਹਾਂ ਦੋਨਾਂ ਭਾਈਚਾਰਿਆਂ ਵੱਲੋਂ ਲਾਅ ਸਕੂਲ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਬਿੱਲ ਵਿਚ ਸੈਨਹੋਜ਼ੇ ਸਟੇਟ ਯੂਨੀਵਰਸਿਟੀ ਤੇ ਲਿਨਕੋਲਨ ਲਾਅ ਸਕੂਲ ਆਫ ਸੈਨਹੋਜ਼ੇ ਵਿਚਾਲੇ ਭਾਈਵਾਲੀ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਦੋਨਾਂ ਦੇ ਸਹਿਯੋਗ ਨਾਲ ਸੈਨਹੋਜ਼ੇ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ ਵਿਚ ਪਹਿਲਾ ਜਨਤਕ ਲਾਅ ਸਕੂਲ ਖੁੱਲ੍ਹੇਗਾ। ਇਸ ਸਬੰਧੀ ਅੰਤਿਮ ਪ੍ਰਵਾਨਗੀ ਸੀ.ਐੱਸ.ਯੂ. ਬੋਰਡ ਆਫ ਟਰੱਸਟੀਜ਼ ਵੱਲੋਂ ਦਿੱਤੀ ਜਾਣੀ ਹੈ। ਕੋਰਟਸੀ ਨੇ ਕਿਹਾ ਹੈ ਕਿ ਇਸ ਬਿੱਲ ਤਹਿਤ ਇਕ ਕਿਫ਼ਾਇਤੀ ਲਾਅ ਸਕੂਲ ਦੀ ਸਥਾਪਨਾ ਹੋਵੇਗੀ, ਜਿਸ ਨਾਲ ਕੈਲੀਫੋਰਨੀਆ ਦੀ ਕਾਨੂੰਨੀ ਬੁਨਿਆਦ ਹੋਰ ਪੱਕੀ ਹੋ ਜਾਵੇਗੀ।
ਕੈਲੀਫਰਨੀਆ ਸਟੇਟ ਸੈਨੇਟ ਵੱਲੋਂ ਸੈਨਹੋਜੇ ਵਿਖੇ ਲਾਅ ਸਕੂਲ ਖੋਲਣ ਲਈ ਬਿੱਲ ਪਾਸ
