#AMERICA

2 ਅਮਰੀਕੀ ਕਾਂਗਰਸਮੈਨਾਂ ਵੱਲੋਂ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ

-ਜਿਨਸੀ ਸ਼ੋਸ਼ਣ ਦੇ ਲੱਗੇ ਗੰਭੀਰ ਦੋਸ਼
ਨਿਊਯਾਰਕ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਕਾਂਗਰਸ (ਪ੍ਰਤੀਨਿਧੀ ਸਭਾ) ਦੇ 2 ਮੈਂਬਰਾਂ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਅਤੇ ਸਦਨ ਵਿਚੋਂ ਕੱਢੇ ਜਾਣ ਦੇ ਖ਼ਦਸ਼ੇ ਦੇ ਚੱਲਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮੈਂਬਰਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਐਰਿਕ ਸਵੈਲਵੈਲ ਅਤੇ ਰਿਪਬਲਿਕਨ ਪਾਰਟੀ ਦੇ ਟੋਨੀ ਗੋਂਜ਼ਾਲੇਸ ਸ਼ਾਮਲ ਹਨ।
ਕੈਲੀਫੋਰਨੀਆ ਦੇ ਗਵਰਨਰ ਦੀ ਦੌੜ ਵਿਚ ਸ਼ਾਮਲ ਡੈਮੋਕ੍ਰੇਟ ਐਰਿਕ ਸਵੈਲਵੈਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਤੀਫੇ ਦੀ ਪੁਸ਼ਟੀ ਕੀਤੀ। ਸਵੈਲਵੈਲ ਨਿਊਯਾਰਕ ਸਿਟੀ ਵਿਚ ਇੱਕ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ, ਜਿੱਥੇ ਇੱਕ ਮਹਿਲਾ ਨੇ ਉਨ੍ਹਾਂ ‘ਤੇ ਸ਼ਹਿਰ ਦੇ ਇੱਕ ਹੋਟਲ ਵਿਚ ਜਿਨਸੀ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਔਰਤਾਂ ਨੇ ਵੀ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਹਾਲਾਂਕਿ ਉਨ੍ਹਾਂ ਨੇ ਦੋਸ਼ਾਂ ਨੂੰ ਗਲਤ ਦੱਸਿਆ ਹੈ, ਪਰ ਨਾਲ ਹੀ ‘ਫੈਸਲੇ ਲੈਣ ਵਿਚ ਹੋਈਆਂ ਗਲਤੀਆਂ’ ਲਈ ਮੁਆਫੀ ਵੀ ਮੰਗੀ ਹੈ।
ਦੂਜੇ ਪਾਸੇ ਰਿਪਬਲਿਕਨ ਟੋਨੀ ਗੋਂਜ਼ਾਲੇਸ ਵੀ ਭਾਰੀ ਦਬਾਅ ਹੇਠ ਹਨ। ਸੂਤਰਾਂ ਅਨੁਸਾਰ ਉਨ੍ਹਾਂ ਦੀ ਇੱਕ ਸਟਾਫ ਮੈਂਬਰ, ਰੇਜੀਨਾ ਸੈਂਟੋਸ-ਅਵਿਲੇਸ ਨੇ ਪਿਛਲੇ ਸਾਲ ਖੁਦਕੁਸ਼ੀ ਕਰ ਲਈ ਸੀ। ਦੋਸ਼ ਹਨ ਕਿ ਗੋਂਜ਼ਾਲੇਸ ਨੇ ਉਸ ਨੂੰ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ। ਪਹਿਲਾਂ ਇਨਕਾਰ ਕਰਨ ਤੋਂ ਬਾਅਦ ਗੋਂਜ਼ਾਲੇਸ ਨੇ ਬਾਅਦ ਵਿਚ ਅਫੇਅਰ ਦੀ ਗੱਲ ਕਬੂਲ ਕਰ ਲਈ ਸੀ। ਇਸ ਤੋਂ ਇਲਾਵਾ ਇੱਕ ਹੋਰ ਸਟਾਫ ਮੈਂਬਰ ਨੇ ਵੀ ਉਨ੍ਹਾਂ ‘ਤੇ ਨਗਨ ਤਸਵੀਰਾਂ ਅਤੇ ਜਿਨਸੀ ਸਬੰਧਾਂ ਦੀ ਮੰਗ ਕਰਨ ਦੇ ਦੋਸ਼ ਲਾਏ ਹਨ।
ਸਵੈਲਵੈਲ ਦੇ ਗਵਰਨਰ ਦੀ ਦੌੜ ਤੋਂ ਬਾਹਰ ਹੋਣ ਨਾਲ ਕੈਲੀਫੋਰਨੀਆ ਦੀਆਂ ਸਿਆਸੀ ਸਫਾਂ ਵਿਚ ਵੱਡੀ ਤਬਦੀਲੀ ਆਉਣ ਦੀ ਉਮੀਦ ਹੈ। ਸੂਤਰਾਂ ਮੁਤਾਬਕ, ਉਨ੍ਹਾਂ ਦੇ ਹਟਣ ਨਾਲ ਹੁਣ ਡੈਮੋਕ੍ਰੇਟਿਕ ਪਾਰਟੀ ਦੇ ਵੋਟਰ ਕਿਸੇ ਇੱਕ ਉਮੀਦਵਾਰ ਦੇ ਪੱਖ ਵਿਚ ਲਾਮਬੰਦ ਹੋ ਸਕਦੇ ਹਨ, ਜਿਸ ਨਾਲ ਨਵੰਬਰ ਦੀਆਂ ਚੋਣਾਂ ਵਿਚ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਸਦਨ ਦੀ ਨੈਤਿਕਤਾ ਕਮੇਟੀ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।