-ਸਿੱਖ ਭਾਈਚਾਰੇ ‘ਚ ਵਧੀ ਚਿੰਤਾ
ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਸਿੱਖ ਕੌਮ ਖ਼ਿਲਾਫ਼ ਨਫ਼ਰਤ ਨਾਲ ਜੁੜੇ ਅਪਰਾਧਾਂ (ਹੇਟ ਕ੍ਰਾਈਮ) ਵਿਚ ਪਿਛਲੇ ਇੱਕ ਦਹਾਕੇ ਦੌਰਾਨ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਫੈਡਰਲ ਬਿਊਰੋ ਆਫ ਇਨਵੈਸਟਿਗੇਸ਼ਨ (ਐੱਫ.ਬੀ.ਆਈ.) ਦੇ ਪ੍ਰਾਰੰਭਿਕ ਅੰਕੜਿਆਂ ਮੁਤਾਬਕ 2015 ਵਿਚ ਅਜਿਹੇ ਸਿਰਫ਼ 6 ਮਾਮਲੇ ਸਾਹਮਣੇ ਆਏ ਸਨ, ਜੋ 2025 ਤੱਕ ਵੱਧ ਕੇ 228 ਹੋ ਗਏ। ਇਹ ਲਗਭਗ 3700 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਰਿਪੋਰਟ ਅਨੁਸਾਰ 2025 ਵਿਚ ਕੁੱਲ ਹੇਟ ਕ੍ਰਾਈਮ ਮਾਮਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 11 ਫੀਸਦੀ ਦੀ ਕਮੀ ਆਈ ਹੈ, ਪਰ 2015 ਤੋਂ 2025 ਦਰਮਿਆਨ ਕੁੱਲ ਮਾਮਲਿਆਂ ਵਿਚ ਕਰੀਬ 88 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਲੰਬੇ ਸਮੇਂ ਵਿਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਰਿਪੋਰਟ ਨੇ ਸਿੱਖ ਭਾਈਚਾਰੇ ਦੀ ਚਿੰਤਾ ਵਧਾ ਦਿੱਤੀ ਹੈ।
ਖੋਜਕਾਰ ਬ੍ਰਾਇਨ ਲੈਵਿਨ ਦੇ ਅਨੁਸਾਰ ਹੇਟ ਕ੍ਰਾਈਮ ਸਾਰੇ ਸਮੂਹਾਂ ਵਿਚ ਇਕਸਾਰ ਨਹੀਂ ਵੱਧਦੇ, ਸਗੋਂ ਕੁਝ ਖ਼ਾਸ ਸਮੂਹ ਅਚਾਨਕ ਵੱਧ ਨਿਸ਼ਾਨਾ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਕੌਮ ਪ੍ਰਤੀ ਡਰ ਜਾਂ ਗਲਤ ਧਾਰਣਾਵਾਂ ਵਧਦੀਆਂ ਹਨ, ਤਾਂ ਉਨ੍ਹਾਂ ਦੇ ਖ਼ਿਲਾਫ਼ ਹਮਲੇ ਵੀ ਤੇਜ਼ ਹੋ ਜਾਂਦੇ ਹਨ। ਸਿੱਖ ਕੁਲੀਸ਼ਨ ਦੀ 2025 ਦੀ ਰਿਪੋਰਟ ਮੁਤਾਬਕ, 2024 ਵਿਚ ਸਿੱਖ ਕੌਮ ਅਮਰੀਕਾ ਵਿਚ ਤੀਜੀ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲੀ ਧਾਰਮਿਕ ਕੌਮ ਵਜੋਂ ਸਾਹਮਣੇ ਆਈ। ਇਸ ਸੂਚੀ ਵਿਚ ਯਹੂਦੀ ਅਤੇ ਮੁਸਲਿਮ ਕੌਮ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਹਾਲ ਹੀ ਵਿਚ ਸੰਘੀ ਹੇਟ ਕ੍ਰਾਈਮ ਡਾਟਾ ਵਿਚ ਸਿੱਖ ਪਛਾਣ ਨੂੰ ਵੱਖਰੇ ਤੌਰ ‘ਤੇ ਦਰਜ ਕੀਤਾ ਜਾਣ ਲੱਗਾ ਹੈ, ਜਿਸ ਨਾਲ ਇਸ ਕੌਮ ਖ਼ਿਲਾਫ਼ ਅਪਰਾਧਾਂ ਦੀ ਅਸਲ ਸਥਿਤੀ ਹੁਣ ਹੋਰ ਵੱਧ ਸਪੱਸ਼ਟ ਹੋ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਲਾਤੀਨੀਆ ਅਤੇ ਸਿੱਖਾਂ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਵੱਧਦੀ ਅਸਹਿਣਸ਼ੀਲਤਾ ਅਤੇ ਕਮਜ਼ੋਰ ਸਮੂਹਾਂ ਲਈ ਸੁਰੱਖਿਆ ਵਿਚ ਕਮੀਆਂ ਬਾਰੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਅਮਰੀਕਾ ‘ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ‘ਚ ਇੱਕ ਦਹਾਕੇ ਦੌਰਾਨ ਹੋਇਆ ਚਿੰਤਾਜਨਕ ਵਾਧਾ!

